ਜਲੰਧਰ 'ਚ 10ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 16 ਸਾਲਾ ਜਸਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸ਼ਾਹਕੋਟ ਦੇ ਪਿੰਡ ਕੋਟਲਾ ਸੂਰਜ ਮੱਲ ਦਾ ਰਹਿਣ ਵਾਲਾ ਸੀ।
ਮੇਲਾ ਦੇਖਣ ਗਿਆ ਸੀ ਪਰਿਵਾਰ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਮੇਲਾ ਦੇਖਣ ਲਈ ਨੇੜਲੇ ਪਿੰਡ ਗਏ ਹੋਏ ਸਨ ਪਰ ਜਸਪ੍ਰੀਤ ਸਿੰਘ ਘਰ ਵਿੱਚ ਇਕੱਲਾ ਸੀ। ਜਦੋਂ ਕਰੀਬ 4 ਵਜੇ ਜਸਪ੍ਰੀਤ ਦੀ ਭੈਣ ਘਰ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਨਾ ਖੁੱਲ੍ਹਣ 'ਤੇ ਉਸ ਨੇ ਗੁਆਂਢੀਆਂ ਨੂੰ ਬੁਲਾਇਆ।
ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਹੈਰਾਨ ਰਹਿ ਗਏ। ਜਸਪ੍ਰੀਤ ਦਾ ਸਰੀਰ ਗਾਡਰ 'ਤੇ ਝੂਲ ਰਿਹਾ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਜਸਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ
ਸ਼ਾਹਕੋਟ ਦੇ ਐਸਐਚਓ ਨੇ ਮੌਕੇ ’ਤੇ ਪਹੁੰਚ ਕੇ ਜਸਪ੍ਰੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।