ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਏ ਏਐਸਆਈ ਅਤੇ ਵਕੀਲ ਵਿੱਚ ਝੜਪ ਹੋ ਗਈ। ਐਤਵਾਰ ਦੇਰ ਰਾਤ 10 ਵਜੇ ਮੈਡੀਕਲ ਕਰਵਾਉਣ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਇਸ ਦੌਰਾਨ ਦੋਵਾਂ ਦੀਆਂ ਪੱਗਾਂ ਉਤਰ ਗਈਆਂ ਅਤੇ ਏਐਸਆਈ ਦੀ ਵਰਦੀ ਵੀ ਫਟ ਗਈ। ਐਮਰਜੈਂਸੀ ਵਿੱਚ ਦਾਖ਼ਲ ਮਰੀਜ਼ ਇਧਰ-ਉਧਰ ਭੱਜਣ ਲੱਗੇ। ਲੋਕਾਂ ਨੇ ਏਐਸਆਈ ਅਤੇ ਵਕੀਲ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਬਣਾਈ।
ਮੌਕੇ 'ਤੇ ਪਹੁੰਚੀ ਪੁਲਿਸ
ਇਸ ਦੀ ਸੂਚਨਾ ਚੌਕੀ ਸਿਵਲ ਹਸਪਤਾਲ ਦੀ ਪੁਲਿਸ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਵਕੀਲ ਨੂੰ ਥਾਣਾ ਡਵੀਜ਼ਨ ਨੰਬਰ ਦੋ 'ਚ ਲੈ ਗਈ। ਜਿੱਥੇ ਵਕੀਲ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਕਲਰਕ ਪ੍ਰੇਮ ਕੁਮਾਰ ਦਾ ਮੈਡੀਕਲ ਕਰਵਾਉਣ ਲਈ ਐਤਵਾਰ ਰਾਤ ਕਰੀਬ ਦਸ ਵਜੇ ਸਿਵਲ ਹਸਪਤਾਲ ਆਇਆ ਸੀ।
ASI ਨੇ ਕੀਤੀ ਬਦਸਲੂਕੀ
ਉਸਦਾ ਮੈਡੀਕਲ ਕਰਵਾਇਆ ਜਾ ਰਿਹਾ ਸੀ ਅਤੇ ਉਸਦਾ ਟੋਕਨ ਨੰਬਰ ਤਿੰਨ ਸੀ। ਪਰ ਫਿਰ ਇੱਕ ਪੁਲਿਸ ਮੁਲਾਜ਼ਮ ਅੰਦਰ ਦਾਖਲ ਹੋਇਆ ਅਤੇ ਪਹਿਲਾਂ ਮੈਡੀਕਲ ਕਰਵਾਉਣ ਲਈ ਕਹਿਣ ਲੱਗਾ। ਜਦੋਂ ਉਸ ਨੇ ਕਿਹਾ ਕਿ ਉਹ ਕਾਫੀ ਦੇਰ ਤੋਂ ਬੈਠੇ ਹਨ ਤਾਂ ਉਹ ਬਹਿਸ ਕਰਨ ਲੱਗ ਪਿਆ ਅਤੇ ਹੱਥੋਪਾਈ ਹੋ ਗਈ। ਭਾਟੀਆ ਨੇ ਇਹ ਵੀ ਕਿਹਾ ਕਿ ਏਐਸਆਈ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ।
ਵਕੀਲ ਕਰਨ ਲੱਗਾ ਬਹਿਸ
ਦੂਜੇ ਪਾਸੇ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਆਏ ਸਨ। ਜਿਵੇਂ ਹੀ ਉਹ ਚੈਂਬਰ ਵਿਚ ਦਾਖਲ ਹੋਇਆ ਤਾਂ ਉਥੇ ਮੌਜੂਦ ਵਕੀਲ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਕਾਫੀ ਦੇਰ ਤੋਂ ਬੈਠੇ ਹਾਂ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਮੈਡੀਕਲ ਕਰਵਾਉਣ ਵਿੱਚ ਸਿਰਫ਼ ਦੋ ਮਿੰਟ ਲੱਗਣਗੇ। ਇਸ ਦੌਰਾਨ ਵਕੀਲ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ।
ਦੋਵਾਂ ਦਾ ਕਰਵਾਇਆ ਜਾ ਰਿਹਾ ਮੈਡੀਕਲ
ਇਸ ਦੇ ਨਾਲ ਹੀ ਏ.ਐਸ.ਆਈ ਰਜਿੰਦਰ ਨੇ ਦੋਸ਼ ਲਾਇਆ ਕਿ ਵਕੀਲ ਨੇ ਸ਼ਰਾਬ ਪੀਤੀ ਹੋਈ ਸੀ। ਏਸੀਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਮੌਜੂਦ ਲੋਕਾਂ ਅਤੇ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ ਅਤੇ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਦੋਵਾਂ ਧੀਰਾਂ ਤੋਂ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।