ਨਿਊਯਾਰਕ 'ਚ ਰਹਿ ਰਹੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਹਰਿਆਣਾ ਦੇ ਰੇਵਾੜੀ ਦੇ ਵਿਕਾਸ ਯਾਦਵ (39) ਦਾ ਨਾਂ ਸਾਹਮਣੇ ਆ ਰਿਹਾ ਹੈ। ਇਹ ਦਾਅਵਾ ਅਮਰੀਕੀ ਸਰਕਾਰ ਨੇ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਨੌਜਵਾਨ ਵਿਕਾਸ ਯਾਦਵ ਦਾ ਮੋਸਟ ਵਾਂਟੇਡ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਵਿਕਾਸ ਦੀਆਂ 3 ਫੋਟੋਆਂ ਜਾਰੀ ਕੀਤੀਆਂ ਗਈਆਂ ਹਨ।
ਅਮਰੀਕਾ ਨੇ ਮੋਸਟ ਵਾਂਟੇਡ ਕੀਤਾ ਘੋਸ਼ਿਤ
ਇਨ੍ਹਾਂ 'ਚੋਂ ਇੱਕ ਫੋਟੋ ਵਿੱਚ ਉਹ ਫੌਜ ਦੀ ਵਰਦੀ ਵਿੱਚ ਵੀ ਹੈ। ਅਮਰੀਕਾ ਦਾ ਦਾਅਵਾ ਹੈ ਕਿ ਵਿਕਾਸ ਯਾਦਵ ਭਾਰਤੀ ਖੁਫੀਆ ਏਜੰਸੀ ਲਈ ਕੰਮ ਕਰਦਾ ਹੈ। ਜਾਰੀ ਕੀਤੇ ਗਏ ਮੋਸਟ ਵਾਂਟੇਡ ਪੋਸਟਰ 'ਚ ਕਿਹਾ ਗਿਆ ਹੈ ਕਿ ਵਿਕਾਸ ਯਾਦਵ ਸੰਯੁਕਤ ਰਾਜ ਦੀ ਧਰਤੀ 'ਤੇ ਭਾਰਤੀ ਮੂਲ ਦੇ ਅਮਰੀਕੀ ਵਕੀਲ ਅਤੇ ਸਿਆਸੀ ਕਾਰਕੁਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਲੋੜੀਂਦਾ ਹੈ। ਯਾਦਵ ਭਾਰਤ ਵਿੱਚ ਰਹਿਣ ਵਾਲਾ ਇੱਕ ਭਾਰਤੀ ਨਾਗਰਿਕ ਹੈ ਅਤੇ ਉਸਨੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਆਪਣੇ ਸਹਿ-ਸਾਜ਼ਿਸ਼ਕਰਤਾ, ਇੱਕ ਹੋਰ ਭਾਰਤੀ ਨਾਗਰਿਕ ਨਾਲ ਗੱਲਬਾਤ ਕਰਦੇ ਹੋਏ 'ਅਮਾਨਤ' ਉਪਨਾਮ ਦੀ ਵਰਤੋਂ ਕੀਤੀ ਹੈ।
ਅਮਰੀਕੀ ਸਰਕਾਰ ਦਾ ਦਾਅਵਾ ਹੈ ਕਿ ਵਿਕਾਸ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਵਿੱਚ ਕੰਮ ਕਰਦਾ ਹੈ। ਰਾਅ ਨੇ ਹੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਵਿਕਾਸ 'ਤੇ ਕਤਲ ਲਈ ਕਿਲਰ ਹਾਇਰ ਕਰਨ ਲਈ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ।
ਇਲਜ਼ਾਮਾਂ ਅਨੁਸਾਰ ਵਿਕਾਸ ਨੇ ਸਾਜ਼ਿਸ਼ ਨੂੰ ਅੱਗੇ ਵਧਾਉਣ ਲਈ ਭਾਰਤੀ ਨਾਗਰਿਕ ਨੂੰ ਪੰਨੂ ਦਾ ਰਿਹਾਇਸ਼ੀ ਪਤਾ, ਫ਼ੋਨ ਨੰਬਰ ਅਤੇ ਹੋਰ ਪਛਾਣ ਜਾਣਕਾਰੀ ਦਿੱਤੀ ਸੀ। ਯਾਦਵ ਅਤੇ ਉਸਦੇ ਸਾਥੀ ਨੇ ਕਤਲ ਲਈ ਪੇਸ਼ਗੀ ਵਜੋਂ ਨਿਊਯਾਰਕ 'ਚ 15,000 ਡਾਲਰ ਕੈਸ਼ ਪਹੁੰਚਾਉਣ ਲਈ ਇੱਕ ਸਹਿਯੋਗੀ ਦੀ ਵਿਵਸਥਾ ਕੀਤੀ ਸੀ।
10 ਅਕਤੂਬਰ ਨੂੰ ਕੀਤਾ ਗਿਆ ਸੀ ਗ੍ਰਿਫਤਾਰੀ ਦਾ ਵਾਰੰਟ ਜਾਰੀ
10 ਅਕਤੂਬਰ, 2024 ਨੂੰ, ਦੱਖਣੀ ਨਿਊਯਾਰਕ ਜ਼ਿਲ੍ਹਾ ਅਦਾਲਤ ਦੁਆਰਾ ਵਿਕਾਸ ਦੇ ਖਿਲਾਫ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਜਿਸ ਵਿਚ ਉਸ 'ਤੇ ਕਤਲ ਦੇ ਲਈ ਹਾਇਰਰਿੰਗ ਤੇ ਹਥਿਆਰ ਰੱਖਣ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਵਿਕਾਸ 'ਤੇ ਪੰਨੂ ਦੀ ਹੱਤਿਆ ਲਈ ਨਿਖਿਲ ਗੁਪਤਾ ਨੂੰ ਹਾਇਰ ਕਰਨ ਦਾ ਦੋਸ਼ ਹੈ। ਗੁਪਤਾ ਨੂੰ ਪਿਛਲੇ ਸਾਲ ਚੈਕੋਸਲੋਵਾਕੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ।