ਜਲੰਧਰ 'ਚ ਦੇਰ ਰਾਤ ਬਾਈਕ ਸਵਾਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਕਾਰ 'ਚ ਸਵਾਰ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਤੋਂ ਬਚਣ ਲਈ ਔਰਤ ਨੇ ਤੇਜ਼ ਰਫਤਾਰ ਨਾਲ ਕਾਰ ਨੂੰ ਭਜਾਇਆ ਪਰ ਇਸ ਦੌਰਾਨ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ 'ਚ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ।
ਦੇਰ ਰਾਤ ਖਾਣਾ ਖਾਣ ਗਈ ਸੀ ਬਾਹਰ
ਪੀੜਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਖਾਣਾ ਖਾਣ ਲਈ ਕਾਰ 'ਚ ਸਵਾਰ ਹੋ ਕੇ ਨਿਕਲੀ ਸੀ । ਇਸ ਦੌਰਾਨ ਬੀਐਮਸੀ ਰੋਡ ਤੋਂ ਲੰਘ ਰਹੀ ਸੀ ਤਾਂ ਗਰੀਨ ਪਾਰਕ ਗੇਟ ਦੇ ਪਿਛਲੇ ਪਾਸੇ ਇੱਕ ਕਾਰ ਵਿੱਚ ਜਾ ਰਹੀ ਸੀ ਤਾਂ ਬਾਈਕ ਸਵਾਰ ਨੌਜਵਾਨ ਉਸ ਦੇ ਨੇੜੇ ਆਏ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਨਕਦੀ ਕਢਣ ਲਈ ਕਹਿਣ ਲੱਗੇ ।
ਤੇਜ਼ ਰਫ਼ਤਾਰ ਕਾਰਨ ਕਾਰ ਦਾ ਸਤੁੰਲਣ ਵਿਗੜਿਆ
ਔਰਤ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਤੋਂ ਬਚਣ ਲਈ ਉਸ ਨੇ ਕਾਰ ਭਜਾ ਲਈ । ਜਿਸ ਤੋਂ ਬਾਅਦ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਉਹ ਸੜਕ 'ਤੇ ਪਲਟ ਗਈ ਅਤੇ ਗੰਭੀਰ ਜ਼ਖਮੀ ਹੋ ਗਈ।
ਹਾਦਸਾ ਦੇਖ ਕੇ ਬਦਮਾਸ਼ ਮੌਕੇ ਤੋਂ ਹੋਏ ਫਰਾਰ
ਔਰਤ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਸ ਦਾ ਪਿੱਛਾ ਕਰ ਰਹੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਲੋਕਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ।
ਪੁਲਿਸ ਸੀਸੀਟੀਵੀ ਸਕੈਨ ਕਰਨ ਵਿੱਚ ਲੱਗੀ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਆ ਰਿਹਾ ਸੀ। ਰਸਤੇ ਵਿੱਚ ਪਤਾ ਲੱਗਾ ਕਿ ਇੱਕ ਮਹਿਲਾ ਦੀ ਕਾਰ ਆਈਕੌਨਿਕ ਚੌਕ ਨੇੜੇ ਪਲਟ ਗਈ ਸੀ। ਘਟਨਾ ਦੌਰਾਨ 2 ਲੜਕੇ ਅਤੇ 2 ਲੜਕੀਆਂ ਮੌਜੂਦ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।