ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਭਾਸ਼ਣ ਕਾਰਨ ਸੁਰਖੀਆਂ ਵਿੱਚ ਹੈ। ਪਾਰਟੀ ਨੇ ਹਾਲ ਹੀ 'ਚ ਕੰਗਨਾ ਵਲੋਂ ਦਿੱਤੇ ਇੰਟਰਵਿਊ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਭਾਜਪਾ ਨੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਕੰਗਨਾ ਨੂੰ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਇਜਾਜ਼ਤ ਨਹੀਂ, ਭਵਿੱਖ 'ਚ ਅਜਿਹੇ ਬਿਆਨ ਨਾ ਦੇਣ।
ਦਰਅਸਲ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਜੇਕਰ ਸਾਡਾ ਕੇਂਦਰ ਮਜ਼ਬੂਤ ਨਾ ਹੁੰਦਾ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਵਿਰੋਧੀ ਧਿਰ ਕੰਗਨਾ ਦੇ ਇਸ ਬਿਆਨ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਕਾਂਗਰਸ ਨੇ ਕੰਗਨਾ ਖਿਲਾਫ NSA ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।
ਭਾਜਪਾ ਨੇ ਕਿਹਾ- ਇਸ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ
ਇਸ ਦੇ ਨਾਲ ਹੀ ਭਾਜਪਾ ਨੇ ਵੀ ਕੰਗਣਾ ਦੇ ਬਿਆਨ ਤੋਂ ਦੂਰੀ ਬਣਾ ਲਈ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ ਅਤੇ ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਿਸਾਨ ਅੰਦੋਲਨ ਬਾਰੇ ਕੰਗਨਾ ਰਣੌਤ ਨੇ ਕੀ ਕਿਹਾ?
ਇੱਕ ਮੀਡੀਆ ਇੰਟਰਵਿਊ ਵਿੱਚ ਭਾਜਪਾ ਸੰਸਦ ਕੰਗਨਾ ਰਣੌਤ ਨੇ ਕਿਹਾ ਸੀ ਕਿ ਜੇਕਰ ਕੇਂਦਰ ਕਮਜ਼ੋਰ ਹੁੰਦਾ ਤਾਂ ਭਾਰਤ ਵਿੱਚ ਬੰਗਲਾਦੇਸ਼ ਵਰਗੀ ਸਥਿਤੀ ਹੋ ਸਕਦੀ ਸੀ। ਕਿਸਾਨਾਂ ਦੇ ਅੰਦੋਲਨ ਦੌਰਾਨ ਜੋ ਹੋਇਆ, ਉਹ ਸਭ ਨੇ ਦੇਖਿਆ। ਪ੍ਰਦਰਸ਼ਨ ਦੇ ਨਾਂ 'ਤੇ ਹਿੰਸਾ ਫੈਲਾਈ ਗਈ। ਉੱਥੇ ਰੇਪ ਹੋ ਰਹੇ ਸਨ, ਲੋਕਾਂ ਨੂੰ ਮਾਰ ਕੇ ਲਟਕਾਇਆ ਜਾ ਰਿਹਾ ਸੀ।
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕੰਗਨਾ ਨੇ ਕਿਹਾ ਕਿ ਜਦੋਂ ਬਿੱਲ ਵਾਪਸ ਲਿਆ ਗਿਆ ਤਾਂ ਸਾਰੇ ਉਪਦ੍ਰਵੀ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਦੀ ਯੋਜਨਾ ਲੰਬੇ ਸਮੇਂ ਤੋਂ ਚੱਲ ਰਹੀ ਸੀ।
ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਨੇ ਕਈ ਸਵਾਲ ਖੜ੍ਹੇ ਕੀਤੇ
ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਕੰਗਨਾ ਦੇ ਇਸ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰ ਕੇ ਐਨਐਸਏ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਗਨਾ ਨੇ ਪੰਜਾਬ ਅਤੇ ਕਿਸਾਨਾਂ ਨੂੰ ਬਦਨਾਮ ਕੀਤਾ ਹੈ। ਅਜਿਹੇ 'ਚ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਣਾ ਚਾਹੀਦਾ ਹੈ। ਵੇਰਕਾ ਨੇ ਕਿਹਾ ਕਿ ਕੰਗਨਾ ਹਰ ਰੋਜ਼ ਪੰਜਾਬ ਦੇ ਨੇਤਾਵਾਂ ਅਤੇ ਕਿਸਾਨਾਂ 'ਤੇ ਸਵਾਲ ਉਠਾਉਂਦੀ ਹੈ। ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।