ਸਲਮਾਨ ਖਾਨ ਦੇ ਕਰੀਬੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦਾ ਇਕ ਦੋਸ਼ੀ ਜਲੰਧਰ ਦਾ ਹੈ। ਬਾਬਾ ਸਿੱਦੀਕੀ ਕਤਲ ਕੇਸ ਦੇ ਚੌਥੇ ਮੁਲਜ਼ਮ ਦੀ ਪਛਾਣ 21 ਸਾਲਾ ਮੁਹੰਮਦ ਜ਼ੀਸ਼ਾਨ ਅਖਤਰ ਵਜੋਂ ਹੋਈ ਹੈ। ਉਹ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਜਲੰਧਰ ਪੁਲਸ ਨੇ ਉਸ ਨੂੰ ਦੋ ਸਾਲ ਪਹਿਲਾਂ ਕਤਲ ਅਤੇ ਲੁੱਟ-ਖੋਹ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਜੇਲ੍ਹ ਤੋਂ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਆਇਆ ਸੀ
ਦੱਸਿਆ ਜਾ ਰਿਹਾ ਹੈ ਕਿ ਜ਼ੀਸ਼ਾਨ ਅਖਤਰ ਪਟਿਆਲਾ ਜੇਲ 'ਚ ਬੰਦ ਸੀ ਅਤੇ ਇਸ ਦੌਰਾਨ ਉਹ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸੰਪਰਕ 'ਚ ਆਇਆ ਸੀ। ਜ਼ੀਸ਼ਾਨ ਇਸ ਸਾਲ ਜੂਨ ਮਹੀਨੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਗੈਂਗ ਚਲਾ ਰਿਹਾ ਸੀ। ਇਹ ਜ਼ੀਸ਼ਾਨ ਹੀ ਸੀ ਜੋ ਬਾਹਰੋਂ ਆਏ ਤਿੰਨ ਸ਼ੂਟਰਾਂ ਨੂੰ ਲੋਕੇਸ਼ਨ ਦੀ ਜਾਣਕਾਰੀ ਦੇ ਰਿਹਾ ਸੀ। ਜਦੋਂ ਜ਼ੀਸ਼ਾਨ ਜੇਲ੍ਹ ਵਿੱਚ ਸੀ ਤਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਦੀ ਵਰਤੋਂ ਕਰਦਿਆਂ ਫੜਿਆ ਗਿਆ ਸੀ। ਉਸ ਨੇ ਦਸਵੀਂ ਤੱਕ ਹੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਸਕੂਲ ਛੱਡ ਦਿੱਤਾ। ਉਸ ਦੇ ਪਿਤਾ ਮੁਹੰਮਦ ਜਮੀਲ ਟਾਈਲਾਂ ਦੇ ਠੇਕੇਦਾਰ ਵਜੋਂ ਕੰਮ ਕਰਦੇ ਹਨ। ਮੁਲਜ਼ਮ ਦਾ ਇੱਕ ਭਰਾ ਆਪਣੇ ਪਿਤਾ ਨਾਲ ਕੰਮ ਕਰਦਾ ਹੈ।
ਇਸ ਘਟਨਾ ਦੀ ਜ਼ਿੰਮੇਵਾਰੀ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਲਈ ਹੈ। ਸਿੱਦੀਕੀ ਦੇ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ।
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਪੋਸਟ 'ਚ ਲਿਖਿਆ ਹੈ, ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ, ਪਰ ਤੁਸੀਂ ਸਾਡੇ ਭਰਾ ਦਾ ਨੁਕਸਾਨ ਕਰਵਾਇਆ। ਬਾਬਾ ਸਿੱਦੀਕੀ ਦੀ ਅੱਜ ਸ਼ਰਾਫਤ ਦੇ ਜੋ ਪੁਲ ਬੰਨ੍ਹੇ ਜਾ ਰਹੇ ਹਨ, ਉਹ ਕਿਸੇ ਸਮੇਂ ਦਾਊਦ ਨਾਲ ਮਕੋਕਾ ਐਕਟ ਅਧੀਨ ਸੀ। ਉਸ (ਬਾਬਾ ਸਿੱਦੀਕੀ) ਦੀ ਮੌਤ ਦਾ ਕਾਰਨ ਅਨੁਜ ਥਾਪਨ ਅਤੇ ਦਾਊਦ ਨੂੰ ਬਾਲੀਵੁੱਡ, ਰਾਜਨੀਤੀ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਲੋਕ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰਦੇ ਹਨ, ਉਹ ਆਪਣਾ ਹਿਸਾਬ ਕਿਤਾਬ ਲਗਾ ਲੈਣ। ਸਾਡੇ ਭਰਾਵਾਂ ਨੂੰ ਕੋਈ ਮਰਵਾਏਗਾ ਤਾਂ ਉਸ ਦਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਅਸੀਂ ਕਦੇ ਪਹਿਲਾ ਵਾਰ ਨਹੀਂ ਕੀਤਾ।
ਛਾਤੀ ਵਿਚ ਲੱਗੀਆਂ ਤਿੰਨ ਗੋਲੀਆਂ
ਜਾਣਕਾਰੀ ਅਨੁਸਾਰ ਉਸ ਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਰਾਤ ਕਰੀਬ 9.30 ਵਜੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਦੋਸਤ ਰਹੇ ਹਨ।
ਪੁਲਸ ਨੇ 2 ਨੂੰ ਗ੍ਰਿਫਤਾਰ ਕੀਤਾ
ਮੁੰਬਈ ਪੁਲਸ ਨੇ ਇਸ ਘਟਨਾ ਅਤੇ ਕਤਲ ਕੇਸ ਵਿੱਚ 3 ਵਿੱਚੋਂ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਪਰਾਧ ਵਿੱਚ ਵਰਤੀ ਗਈ 9.9 ਐਮਐਮ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ। ਫੜੇ ਗਏ ਸ਼ੂਟਰਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹਮਲਾਵਰਾਂ ਨੇ ਬਾਬਾ ਸਿੱਦੀਕੀ ਨੂੰ ਮਾਰਨ ਲਈ ਛੇ ਰਾਉਂਡ ਫਾਇਰ ਕੀਤੇ। ਇਸ ਵਿੱਚ ਉਸ ਦੀ ਛਾਤੀ ਵਿੱਚ 3 ਗੋਲੀਆਂ ਲੱਗੀਆਂ। ਬੁਲੇਟ ਪਰੂਫ ਕਾਰ ਹੋਣ ਦੇ ਬਾਵਜੂਦ ਗੋਲੀ ਸ਼ੀਸ਼ੇ 'ਚੋਂ ਲੰਘ ਗਈ।
ਦੋ ਮਹੀਨਿਆਂ ਤੋਂ ਰੇਕੀ ਕਰ ਰਹੇ ਸਨ ਸ਼ੂਟਰ
ਪੁਲਸ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਬਾਬੇ ਦੇ ਘਰ ਅਤੇ ਬੇਟੇ ਦੇ ਦਫ਼ਤਰ ਦੀ ਰੇਕੀ ਕਰ ਰਹੇ ਸਨ। ਤਿੰਨੇ ਦੋਸ਼ੀ ਆਟੋ ਰਿਕਸ਼ਾ 'ਚ ਸ਼ੂਟਿੰਗ ਵਾਲੀ ਥਾਂ 'ਤੇ ਪਹੁੰਚੇ ਸਨ। ਬਾਬਾ ਸਿੱਦੀਕੀ ਨੂੰ ਗੋਲੀ ਮਾਰਨ ਤੋਂ ਬਾਅਦ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
15 ਦਿਨ ਪਹਿਲਾਂ ਧਮਕੀ ਮਿਲੀ ਸੀ
ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਬਾ ਸਿੱਦੀਕੀ ਨੂੰ ਕਰੀਬ 15 ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ। ਇਸ ਤਹਿਤ ਬਾਬਾ ਸਿੱਦੀਕੀ ਦੇ ਨਾਲ ਇੱਕ ਪੁਲਸ ਕਾਂਸਟੇਬਲ ਤਾਇਨਾਤ ਸੀ। ਬਾਬਾ ਸਿੱਦੀਕੀ 'ਤੇ ਹਮਲੇ ਤੋਂ ਬਾਅਦ ਉੱਤਰੀ ਪੱਛਮੀ ਮੁੰਬਈ ਦੇ ਖੇਤਵਾੜੀ ਜੰਕਸ਼ਨ ਇਲਾਕੇ 'ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ
ਬਾਬਾ ਦੇ ਕਤਲ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ। ਕਿਸੇ ਨੂੰ ਵੀ ਘਰ ਅੱਗੇ ਰੁਕਣ ਨਹੀਂ ਦਿੱਤਾ ਜਾ ਰਿਹਾ। ਰਿਪੋਰਟ ਮੁਤਾਬਕ ਇਸ ਘਟਨਾ ਪਿੱਛੇ ਗੈਂਗਸਟਰ ਲਾਰੈਂਸ ਗੈਂਗ ਦਾ ਹੱਥ ਹੈ। ਦੱਸ ਦੇਈਏ ਕਿ ਲਾਰੇਂਸ ਗੈਂਗ ਨੇ 14 ਅਪ੍ਰੈਲ ਨੂੰ ਸਲਮਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ।