ਲੁਧਿਆਣਾ 'ਚ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ਵਿੱਚ ਬੰਬ ਸੁੱਟਣ ਵਾਲੇ ਮੁਲਜ਼ਮ ਵੀ ਸਾਫ਼ ਨਜ਼ਰ ਆ ਰਹੇ ਹਨ।
ਪੌਣੇ ਤਿੰਨ ਵਜੇ ਹਮਲਾ ਹੋਇਆ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ ਪੌਣੇ ਤਿੰਨ ਵਜੇ ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਨੂੰ ਬਾਈਕ 'ਤੇ ਆਏ 3 ਹਮਲਾਵਰਾਂ ਨੇ ਅੰਜਾਮ ਦਿੱਤਾ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਕੀ ਭਰੀਆਂ ਕਾਲਾਂ ਲਗਾਤਾਰ ਆ ਰਹੀਆਂ
ਹਰਕੀਰਤ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ। ਧਮਾਕੇ ਤੋਂ ਪਹਿਲਾਂ ਵੀ ਉਸ ਨੂੰ ਧਮਕੀ ਭਰੀ ਕਾਲ ਆਈ ਸੀ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹਮਲੇ ਤੋਂ ਬਾਅਦ ਅੱਜ ਸਵੇਰੇ ਕਰੀਬ 9.15 ਵਜੇ ਫਿਰ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ ਕਿ ਹੁਣ ਪਤਾ ਲੱਗ ਗਿਆ।
ਪੁਲਸ ਨੇ ਮੁਲਜ਼ਮਾਂ ਨੂੰ ਫੜਨ ਦਾ ਕੀਤਾ ਦਾਅਵਾ
ਉਨ੍ਹਾਂ ਅੱਗੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਬਦਮਾਸ਼ਾਂ ਨੂੰ ਫੜ ਲਵੇਗੀ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤਵੰਸ਼ੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੱਚ ਦੀ ਬੋਤਲ ਵਿੱਚ ਡੀਜ਼ਲ ਜਾਂ ਪੈਟਰੋਲ ਭਰ ਕੇ ਅਜਿਹਾ ਹੀ ਧਮਾਕਾ ਕੀਤਾ ਗਿਆ ਸੀ।