ਪੰਜਾਬ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੀ ਨਵੀਂ ਅਪਡੇਟ ਮੁਤਾਬਕ ਅਗਲੇ ਕੁਝ ਦਿਨਾਂ 'ਚ ਸੂਬੇ 'ਚ ਠੰਡ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ ਤੇ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ ਦੇ ਨਾਲ ਹੀ ਠੰਢ ਵੀ ਵਧੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਠੰਡ ਵਧਣ ਦੇ ਸੰਕੇਤ ਦਿੱਤੇ ਹਨ। ਨਾਲ ਹੀ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਤੋਂ ਲੈ ਕੇ ਦੱਖਣੀ ਭਾਰਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਚੱਕਰਵਾਤ 24 ਤੋਂ 26 ਅਕਤੂਬਰ ਦਰਮਿਆਨ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਪੰਜਾਬ 'ਚ 27 ਤੋਂ ਬਾਅਦ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਠੰਡ ਵੀ ਵਧ ਜਾਵੇਗੀ। ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 37.09 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਹਵਾ ਵੀ ਪ੍ਰਦੂਸ਼ਿਤ ਹੋਣ ਲੱਗੀ ਹੈ।
ਪੰਜਾਬ ਦੇ ਵੱਡੇ ਸ਼ਹਿਰਾਂ 'ਚ ਦਰਜ ਕੀਤਾ ਗਿਆ ਤਾਪਮਾਨ
ਅੰਮ੍ਰਿਤਸਰ- ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.06 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।
ਜਲੰਧਰ — ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 34.05 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।
ਪਟਿਆਲਾ— ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਤੋਂ 34 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।
ਲੁਧਿਆਣਾ- ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਦਰਜ ਕੀਤਾ ਗਿਆ, ਅੱਜ ਮੌਸਮ ਸਾਫ ਰਹੇਗਾ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।
ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵੱਧਿਆ
ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯਮੁਨਾ ਨਦੀ ਵੀ ਪ੍ਰਦੂਸ਼ਿਤ ਹੋ ਰਹੀ ਹੈ। ਸ਼ਨੀਵਾਰ ਸਵੇਰੇ ਦਿੱਲੀ ਦੇ ਕਈ ਇਲਾਕੇ ਧੁੰਦ ਦੀ ਚਾਦਰ 'ਚ ਢੱਕੇ ਦੇਖੇ ਗਏ। ਤਾਜ਼ਾ ਵੀਡੀਓ ਕਾਲਿੰਦੀ ਕੁੰਜ ਦੀ ਹੈ, ਜਿੱਥੇ ਪਾਣੀ 'ਤੇ ਸਿਰਫ ਝੱਗ ਹੀ ਝੱਗ ਨਜ਼ਰ ਆ ਰਹੀ ਹੈ। ਦੇਖਣ ਨੂੰ ਇਹ ਸਾਬਣ ਦੀ ਝੱਗ ਵਰਗਾ ਲੱਗ ਸਕਦਾ ਹੈ, ਪਰ ਇਹ ਅਸਲ 'ਚ ਯਮੁਨਾ ਨਦੀ ਹੈ। ਸਾਫ਼ ਹੈ ਕਿ ਯਮੁਨਾ ਪ੍ਰਦੂਸ਼ਣ ਦੀ ਲਪੇਟ 'ਚ ਹੈ। ਵੀਡੀਓ 'ਚ ਦੂਰੋਂ ਦੇਖਣ 'ਤੇ ਸਿਰਫ ਚਿੱਟੀ ਝੱਗ ਨਜ਼ਰ ਆ ਰਹੀ ਹੈ। ਦੇਖਣ 'ਚ ਇਹ ਕੋਈ ਬਰਫੀਲੀ ਜਗ੍ਹਾਂ ਵਰਗਾ ਲੱਗਦਾ ਹੈ ਪਰ ਇਹ ਨਜ਼ਾਰਾ ਦਿੱਲੀ ਦੇ ਕਾਲਿੰਦੀ ਕੁੰਜ ਦਾ ਹੈ।
ਕਈ ਖੇਤਰਾਂ 'ਚ AQI 300 ਨੂੰ ਵੀ ਪਾਰ ਕਰ ਗਿਆ ਹੈ। ਦਿੱਲੀ 'ਚ ਆਨੰਦ ਵਿਹਾਰ, ਅਕਸ਼ਰਧਾਮ ਤੇ ਇਸਦੇ ਆਸਪਾਸ ਦੇ ਇਲਾਕਿਆਂ ਨੂੰ AQI 334 ਦੇ ਨਾਲ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
22 ਅਕਤੂਬਰ ਨੂੰ 8 ਜ਼ਿਲ੍ਹਿਆਂ 'ਚ ਮੀਂਹ ਅਤੇ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ 'ਚ ਦੀਵਾਲੀ ਤੋਂ ਪਹਿਲਾਂ ਠੰਢ ਸ਼ੁਰੂ ਹੋ ਜਾਵੇਗੀ। 3 ਦਿਨਾਂ ਬਾਅਦ ਵੈਸਟਰਨ ਡਿਸਟਰਬੈਂਸ (WD) ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਸ ਕਾਰਨ 22 ਅਕਤੂਬਰ ਨੂੰ ਚੰਬਾ, ਕਾਂਗੜਾ, ਕਿਨੌਰ, ਕੁੱਲੂ, ਲਾਹੌਲ ਸਪਿਤੀ, ਮੰਡੀ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ।