ਜਲੰਧਰ ਦੇ ਡਿਪਸ ਸਕੂਲ ਦੇ ਮਾਲਕ ਤਰਵਿੰਦਰ ਸਿੰਘ ਰਾਜੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ | ਤਰਵਿੰਦਰ ਰਾਜੂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਹੈ ਕਿ 1 ਕਰੋੜ ਨਾ ਦੇਣ 'ਤੇ ਉਸਨੂੰ ਇਹ ਧਮਕੀ ਮਿਲੀ | ਇਸ਼ਾਨ ਮੱਕੜ ਦੇ ਖਿਲਾਫ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ |
ਸਕੂਲ ਦੇ ਵਿਵਾਦ ਨੂੰ ਲੈ ਕੇ ਦਿੱਤੀ ਧਮਕੀ
ਪੁਲੀਸ ਨੂੰ ਦਿੱਤੀ ਸ਼ਿਕਾਇਤ 'ਚ ਤਰਵਿੰਦਰ ਰਾਜੂ ਨੇ ਦੱਸਿਆ ਕਿ ਉਸ ਦਾ ਈਸ਼ਾਨ ਮੱਕੜ ਨਾਲ ਸਕੂਲ ਦੇ ਸੌਦੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਰਾਜੂ ਨੇ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਏਡੀਸੀਪੀ ਚੰਦ ਸਿੰਘ ਨੂੰ ਸੌਂਪ ਦਿੱਤੀ ਹੈ। ਉਹ 26 ਅਪਰੈਲ ਨੂੰ ਸੀਪੀ ਦਫ਼ਤਰ ਗਿਆ ਸੀ।
ਰਾਜੂ ਨੇ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਹ ਆਪਣੀ ਕਾਰ ਲੈ ਕੇ ਗੇਟ ਨੰਬਰ-4 ਤੋਂ ਬਾਹਰ ਨਿਕਲਣ ਲੱਗਾ ਤਾਂ ਈਸ਼ਾਨ ਆਪਣੇ ਸਾਥੀਆਂ ਨਾਲ ਉਥੇ ਖੜ੍ਹਾ ਸੀ ਅਤੇ ਉਸ ਨੇ ਕਾਰ ਨੂੰ ਰੋਕ ਲਿਆ । ਇਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ 1 ਕਰੋੜ ਰੁਪਏ ਨਾ ਦਿੱਤੇ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ।
ਪੁਲਿਸ ਜਾਂਚ ਵਿੱਚ ਇਹ ਗੱਲ ਆਈ ਸਾਹਮਣੇ
ਏਡੀਸੀਪੀ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਗੁਰਬਚਨ ਸਿੰਘ ਨੇ ਭੁਪਿੰਦਰ ਸਿੰਘ ਮੱਕੜ ਰਾਹੀਂ ਅੰਜਨਾ ਮੱਕੜ ਅਤੇ ਉਸਦੇ ਪਰਿਵਾਰ ਨਾਲ ਜਲਾਲਾਬਾਦ ਸਕੂਲ ਦਾ ਸੌਦਾ ਕੀਤਾ ਸੀ। ਇਸ ਡੀਲ ਤੋਂ ਬਾਅਦ ਪਾਵਰ ਆਫ਼ ਅਟਾਰਨੀ ਦੇ ਦਿੱਤੀ ਗਈ।
ਇਸ ਦੌਰਾਨ ਰਾਜੂ ਦੇ ਪਿਤਾ ਦੀ 11 ਫਰਵਰੀ 2021 ਨੂੰ ਮੌਤ ਹੋ ਗਈ ਸੀ। ਪਾਵਰ ਆਫ਼ ਅਟਾਰਨੀ ਰਾਹੀਂ 3 ਸਕੂਲਾਂ ਦੀ ਰਜਿਸਟਰੀ ਹੋ ਗਈ ਸੀ| ਜਿਸ 'ਚ ਦੋ ਟਰੱਸਟ ਦੇ ਨਾਂ 'ਤੇ ਅਤੇ ਤੀਸਰੇ ਸ਼ਿਕਾਇਤਕਰਤਾ ਦੀ ਪਤਨੀ ਪ੍ਰੀਤਇੰਦਰ ਕੌਰ ਦੇ ਨਾਂ 'ਤੇ ।
ਏ.ਡੀ.ਸੀ.ਪੀ ਨੇ ਅੱਗੇ ਦੱਸਿਆ ਕਿ ਈਸ਼ਾਨ ਮੱਕੜ ਨੇ ਸਕੂਲ ਸਬੰਧੀ ਜੋ ਸੌਦਾ ਹੋਇਆ ਸੀ, ਉਸਦੇ ਪੈਸੇ ਲੈ ਚੁੱਕੇ ਸਨ। ਪਰ ਇਸ ਦੇ ਬਾਵਜੂਦ ਉਹ ਤਰਵਿੰਦਰ ਰਾਜੂ ਨੂੰ ਵਾਰ-ਵਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਕਿ ਉਸ ਨੇ ਸਕੂਲ ਨੂੰ ਲੀਜ਼ 'ਤੇ ਦਿੱਤਾ ਹੈ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਲੀਜ਼ ਦੇ ਕੋਈ ਦਸਤਾਵੇਜ਼ ਨਹੀਂ ਦਿਖਾਏ।
ਉਨ੍ਹਾਂ ਅੱਗੇ ਦੱਸਿਆ ਕਿ ਤਰਵਿੰਦਰ ਰਾਜੂ ਨੇ ਸਕੂਲ ਨੂੰ ਖਰੀਦਣ ਲਈ ਦਿੱਤੀ ਗਈ ਅਦਾਇਗੀ ਦਾ ਪੂਰਾ ਵੇਰਵਾ ਪੁਲਿਸ ਨੂੰ ਦਿੱਤਾ ਸੀ। ਸਕੂਲ ਦੇ ਇਸ ਝਗੜੇ ਵਿੱਚ ਈਸ਼ਾਨ ਮੱਕੜ ਨੇ ਰਾਜੂ ਨੂੰ ਰੋਕਿਆ ਅਤੇ ਇੱਕ ਕਰੋੜ ਦੇਣ ਲਈ ਕਿਹਾ। ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।