ਜਲੰਧਰ ਦੇ ਬਸ਼ੀਰਪੁਰਾ ਇਲਾਕੇ 'ਚ ਲੱਕੜਵਾਲੇ ਪੁਲ ਨੇੜੇ ਬੰਗਾਲ ਨਿਵਾਸੀ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਚੌਕੀਦਾਰ ਸੀ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਮ੍ਰਿਤਕ ਦੀ ਪਛਾਣ ਰਾਮਬਰਾਮਨ ਉਰਫ ਰਾਜੂ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ | ਜਿਸ ਤੋਂ ਬਾਅਦ ਉਨਾਂ ਦੇ ਨਾਲ ਡੀਐਸਪੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਚ ਜੁੱਟ ਗਏ ।
ਲੱਕੜ ਦੇ ਦਸਤੇ ਨਾਲ ਹਮਲਾ ਕੀਤਾ
ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਦਾ ਠੇਕਾ ਹਰਿਆਣਾ ਦੇ ਇੱਕ ਵਿਅਕਤੀ ਨਾਲ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ 'ਤੇ ਲੱਕੜ ਦੇ ਦਸਤੇ ਨਾਲ ਹਮਲਾ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਫਿਲਹਾਲ ਉਸਾਰੀ ਦਾ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੰਮ ਦੇ ਠੇਕੇਦਾਰ ਹਨੀ ਗੁਪਤਾ ਨਾਲ ਗੱਲ ਕੀਤੀ ਗਈ ਸੀ। ਜਿਸ ਤੋਂ ਬਾਅਦ ਉਕਤ ਠੇਕੇਦਾਰ ਨੇ ਆਪਣੇ ਵਰਕਰ ਨਵਦੀਪ ਨੂੰ ਭੇਜ ਦਿੱਤਾ। ਨਵਦੀਪ ਨੇ ਮ੍ਰਿਤਕ ਦੀ ਸ਼ਨਾਖਤ ਕਰਦਿਆਂ ਦੱਸਿਆ ਕਿ ਮ੍ਰਿਤਕ ਰਾਮਬਰਾਮਨ ਹੈ ਜੋ ਚੌਕੀਦਾਰ ਦਾ ਕੰਮ ਕਰਦਾ ਸੀ।
ਜਾਂਚ ਕਰ ਰਹੀ ਹੈ ਪੁਲਿਸ
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਕੇਸ ਵਿੱਚ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ।