ਜਲੰਧਰ ਵਿਚ ਅੱਜ ਸਵੇਰੇ ਬੀਤੇ ਦਿਨ ਦੇ ਮੁਕਾਬਲੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਆਵਾਜਾਈ ਵਿਚ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਵਾਹਨਾਂ ਦੀ ਲਾਈਟਾਂ ਦਿਨ ਸਮੇਂ ਹੀ ਜਗਦੀਆਂ ਦੇਖੀਆਂ ਗਈਆਂ।
ਦੱਸ ਦੇਈਏ ਕਿ ਪੰਜਾਬ 'ਚ ਕੜਾਕੇ ਦੀ ਠੰਡ ਦੇ ਨਾਲ-ਨਾਲ ਧੁੰਦ ਦਾ ਕਹਿਰ ਜਾਰੀ ਹੈ।ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਧੁੰਦ ਕਾਰਨ ਸ਼ੁੱਕਰਵਾਰ ਨੂੰ ਵੀ ਉਡਾਣਾਂ ਅਤੇ ਟਰੇਨਾਂ ਦਾ ਸੰਚਾਲਨ ਪ੍ਰਭਾਵਤ ਰਿਹਾ।ਮੌਸਮ ਵਿਭਾਗ ਨੇ ਪੰਜਾਬ ਦੇ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਰੈੱਡ ਤੇ ਆਰੇਂਜ ਅਲਰਟ ਜਾਰੀ
ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਵੀ ਭਾਰੀ ਠੰਡ ਸੀ। ਇਨ੍ਹਾਂ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੋਲਡ ਡੇ ਅਲਰਟ ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਗਲੇ ਦੋ ਦਿਨਾਂ ਲਈ 16 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ, ਐਤਵਾਰ ਨੂੰ ਆਰੇਂਜ ਅਲਰਟ ਅਤੇ 1 ਅਤੇ 2 ਜਨਵਰੀ 2024 ਨੂੰ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
80 ਫਲਾਈਟਾਂ ਦੇਰੀ ਨਾਲ
ਦਿੱਲੀ ਏਅਰਪੋਰਟ ਤੋਂ ਆਈਜੀਆਈ ਏਅਰਪੋਰਟ (ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ) ਦੀਆਂ ਲਗਭਗ 80 ਉਡਾਣਾਂ ਅੱਜ ਸਵੇਰੇ 8.30 ਵਜੇ ਤੱਕ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਫਲਾਈਟ ਸੇਵਾਵਾਂ 'ਤੇ ਭਾਰੀ ਅਸਰ ਪਿਆ ਹੈ। ਖ਼ਰਾਬ ਮੌਸਮ ਕਾਰਨ ਕਈ ਉਡਾਣਾਂ ਸਮੇਂ ਤੋਂ ਬਹੁਤ ਪਿੱਛੇ ਹਨ।
ਚੰਡੀਗੜ੍ਹ ਵਿੱਚ 10 ਉਡਾਣਾਂ ਰੱਦ
ਚੰਡੀਗੜ੍ਹ ਅਤੇ ਮੋਹਾਲੀ 'ਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 9 ਵਜੇ ਤੱਕ ਉਡਾਣਾਂ ਨਹੀਂ ਚੱਲ ਸਕੀਆਂ ਅਤੇ 10 ਉਡਾਣਾਂ ਨੂੰ ਰੱਦ ਕਰਨਾ ਪਿਆ। ਇਸੇ ਧੂੰਏਂ ਕਾਰਨ ਸ਼ਤਾਬਦੀ ਐਕਸਪ੍ਰੈਸ ਸਮੇਤ ਲੰਬੀ ਦੂਰੀ ਦੀਆਂ ਛੇ ਗੱਡੀਆਂ ਚੰਡੀਗੜ੍ਹ ਦੇਰੀ ਨਾਲ ਪੁੱਜੀਆਂ।