ਕਿਸਾਨਾਂ ਨੇ ਗੰਨੇ ਦੇ ਰੇਟ ਵਿੱਚ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਜਲੰਧਰ ਵਿੱਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਤੋਂ ਬਾਅਦ ਰੇਲਵੇ ਟਰੈਕ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ, ਜਿਸ ਤੋਂ ਬਾਅਦ 80 ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ।
ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ
ਕਿਸਾਨ ਆਗੂ ਬਲਵਿੰਦਰ ਸਿੰਘ ਮਲ੍ਹੀ ਨੰਗਲ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਰਹੇ ਹਨ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਸ ਤੋਂ ਬਾਅਦ ਅੱਜ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਅਤੇ ਇਹ ਉਦੋਂ ਤੱਕ ਜਾਮ ਰਹੇਗਾ ਜਦੋਂ ਤੱਕ ਸਰਕਾਰ ਗੰਨੇ ਦਾ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ।
120 ਟਰੇਨਾਂ ਪ੍ਰਭਾਵਤ ਹੋਣਗੀਆਂ
ਰੇਲਵੇ ਟ੍ਰੈਕ ਬੰਦ ਹੁੰਦੇ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਕਪੂਰਥਲਾ ਦੇ ਫਗਵਾੜਾ ਵਿਖੇ ਰੋਕ ਦਿੱਤਾ ਗਿਆ। ਇਹ ਪ੍ਰਦਰਸ਼ਨ ਜਲੰਧਰ ਕੈਂਟ ਸਟੇਸ਼ਨ ਨੇੜੇ ਹੋ ਰਿਹਾ ਹੈ। ਇਸ ਲਈ ਆਮਰਪਾਲੀ ਐਕਸਪ੍ਰੈਸ ਨੂੰ ਜਲੰਧਰ ਸਿਟੀ ਸਟੇਸ਼ਨ 'ਤੇ ਰੋਕਿਆ ਜਾਵੇਗਾ। ਰੇਲਵੇ ਮੁਤਾਬਕ ਇਸ ਟ੍ਰੈਕ 'ਤੇ ਹਰ 24 ਘੰਟਿਆਂ 'ਚ 120 ਟਰੇਨਾਂ ਦੀ ਆਵਾਜਾਈ ਪ੍ਰਭਾਵਤ ਹੋਵੇਗੀ।
80 ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ
ਵੀਰਵਾਰ ਨੂੰ 40 ਟਰੇਨਾਂ ਰਵਾਨਾ ਹੋਈਆਂ ਸਨ, ਹੁਣ 80 ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਜਲੰਧਰ ਸਿਟੀ ਸਟੇਸ਼ਨ ਤੋਂ ਗੱਡੀਆਂ ਦਾ ਡਾਇਵਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਕੋਦਰ ਤੋਂ ਫਗਵਾੜਾ ਵਾਇਆ ਰਵਾਨਾ ਹੋਣਗੀਆਂ।
ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹਾਈਵੇਅ ਜਾਮ ਕਰ ਕੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਬੈਰੀਕੇਡਿੰਗ ਦੇ ਬਾਵਜੂਦ ਜਲੰਧਰ ਪੁਲਸ ਕਿਸਾਨਾਂ ਨੂੰ ਰੋਕ ਨਹੀਂ ਸਕੀ। ਫਿਲਹਾਲ ਹਾਈਵੇਅ 'ਤੇ ਸਰਵਿਸ ਲੇਨ ਰਾਹੀਂ ਆਵਾਜਾਈ ਨੂੰ ਜਾਣ ਦਿੱਤਾ ਗਿਆ ਹੈ।
ਗੰਨੇ ਦਾ ਰੇਟ ਕਿਸਾਨ 380 ਰੁਪਏ ਤੋਂ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਕਰ ਰਹੇ ਮੰਗ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦਾ ਰੇਟ 380 ਰੁਪਏ ਦਿੱਤਾ ਗਿਆ ਹੈ ਪਰ ਇਸ ਰੇਟ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਅਤੇ ਕਿਸਾਨ ਚਾਹੁੰਦੇ ਹਨ ਕਿ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਜਿਸ ਕਾਰਣ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਅੱਜ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਵਾਰ ਸਰਕਾਰ 10 ਜਾਂ 20 ਰੁਪਏ ਦਾ ਵਾਧਾ ਕਰ ਕੇ ਧਰਨਾ ਖਤਮ ਕਰਨ ਦੀ ਗੱਲ ਕਰਦੀ ਹੈ ਤਾਂ ਧਰਨਾ ਨਹੀਂ ਚੁੱਕਿਆ ਜਾਵੇਗਾ ਪਰ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਗੰਨੇ ਦਾ ਰੇਟ 380 ਰੁਪਏ ਤੋਂ ਵਧਾ ਦਿੰਦੀ ਹੈ ਤੇ 430 ਰੁਪਏ ਪ੍ਰਤੀ ਕੁਇੰਟਲ ਕਰ ਦੇਵੇ ਤਾਂ ਵੀ ਕਿਸਾਨ ਧਰਨਾ ਖਤਮ ਕਰਨ ਬਾਰੇ ਜ਼ਰੂਰ ਸੋਚਣਗੇ।
ਜਲੰਧਰ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ
ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਤੋਂ ਦਿੱਲੀ, ਪਾਣੀਪਤ, ਅੰਬਾਲਾ, ਕਰਨਾਲ ਤੇ ਲੁਧਿਆਣਾ ਵੱਲ ਜਾਣ ਵਾਲੇ ਲੋਕਾਂ ਲਈ ਰਾਮਾਮੰਡੀ ਨੇੜੇ ਤੱਲ੍ਹਣ ਪਿੰਡ ਤੋਂ ਰੂਟ ਡਾਇਵਰਸ਼ਨ ਕੀਤਾ ਗਿਆ ਹੈ। ਇਹ ਰਸਤਾ ਫਗਵਾੜਾ ਦੇ ਨੇੜੇ ਤੋਂ ਨਿਕਲਦਾ ਹੈ। ਇਸ ਰੂਟ ਲਈ ਕੁਝ ਗੁਪਤ ਰਸਤੇ ਵੀ ਹਨ। ਇਸ ਵਿੱਚ ਪਹਿਲਾ ਜਲੰਧਰ ਦੇ ਰਾਮਾਮੰਡੀ ਵਿੱਚ ਸਥਿਤ ਦਕੋਹਾ ਤੋਂ ਪਰਾਗਪੁਰ ਤੱਕ ਦਾ ਰਸਤਾ ਹੈ।
ਟਰੈਫਿਕ ਨੂੰ ਬੀਐਸਐਫ ਚੌਕ ਰਾਹੀਂ ਹਾਈਵੇ ਵੱਲ ਮੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਆਉਣ ਵਾਲੇ ਲੋਕ ਵੀ ਫਗਵਾੜਾ ਤੋਂ ਜਲੰਧਰ ਥਾਣੇ ਦੇ ਸਦਰ ਖੇਤਰ ਦੇ ਰਸਤੇ ਲਾਂਬੜਾ ਵੱਲ ਆ ਸਕਦੇ ਹਨ, ਜਿਸ ਨਾਲ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਜਾਣ ਵਾਲੇ ਲੋਕਾਂ ਨੂੰ ਮਦਦ ਮਿਲੇਗੀ।