ਜਲੰਧਰ ਵਿੱਚ ਅੱਜ ਈਐਸਆਈ ਹਸਪਤਾਲ ਦੇ ਡਾਕਟਰਾਂ ਨੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਹੜਤਾਲ ਕੀਤੀ। ਇਹ ਰੋਸ ਪ੍ਰਦਰਸ਼ਨ ਹੁਸ਼ਿਆਰਪੁਰ ਦੇ ESI ਹਸਪਤਾਲ ਵਿੱਚ ਇੱਕ ਮਰੀਜ਼ ਦੀ ਡਾਕਟਰ ਨਾਲ ਹੋਈ ਕੁੱਟਮਾਰ ਦੇ ਸਬੰਧ ਵਿੱਚ ਕੀਤਾ ਗਿਆ। ਜਿਸ ਕਾਰਨ ਡਾਕਟਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ।
ਹੁਸ਼ਿਆਰਪੁਰ 'ਚ ਮਰੀਜ਼ ਨੇ ਡਾਕਟਰ 'ਤੇ ਕੀਤਾ ਹਮਲਾ
ਡਾਕਟਰ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦੇ ESI ਹਸਪਤਾਲ ਹੁਸ਼ਿਆਰਪੁਰ ਵਿਖੇ ਦਵਾਈ ਲੈਣ ਆਏ ਮਰੀਜ਼ ਨੇ ਐਸਐਮਓ ਸੁਨੀਲ ਭਗਤ ’ਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਨੇ ਦੱਸਿਆ ਕਿ ਉਹ ਆਈਸੀਯੂ ਵਿੱਚ ਦਾਖ਼ਲ ਹੈ। ਇਸ ਕਾਰਨ ਅੱਜ ਜਲੰਧਰ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ ਹੈ।
ਸਰਕਾਰ ਤੋਂ ਸੁਰੱਖਿਆ ਦੀ ਮੰਗ
ਡਾਕਟਰ ਸਰਬਜੀਤ ਨੇ ਅੱਗੇ ਦੱਸਿਆ ਕਿ ਅਸੀਂ ਦਿਨ-ਰਾਤ ਇੱਕ ਕਰਕੇ ਮਰੀਜ਼ਾਂ ਦਾ ਇਲਾਜ ਕਰਦੇ ਹਾਂ। ਪਰ ਕੁਝ ਮਰੀਜ਼ ਗੁੱਸੇ 'ਚ ਆ ਕੇ ਡਾਕਟਰਾਂ 'ਤੇ ਹਮਲਾ ਕਰ ਦਿੰਦੇ ਹਨ। ਅਸੀਂ ਇਸ ਦੇ ਸਖਤ ਖਿਲਾਫ ਹਾਂ ਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਤਾਂ ਜੋ ਮਰੀਜਾਂ ਦਾ ਬਿਨਾਂ ਕਿਸੇ ਡਰ ਦੇ ਇਲਾਜ ਕੀਤਾ ਜਾ ਸਕੇ।
ਜਾਣੋ ਕੀ ਸੀ ਪੂਰਾ ਮਾਮਲਾ
ਦਰਅਸਲ, ਹੁਸ਼ਿਆਰਪੁਰ ਦੇ ESI ਹਸਪਤਾਲ ਵਿੱਚ ਡਾਕਟਰ ਨੇ ਮਰੀਜ਼ ਨੂੰ ਬਿਨਾਂ ਪਰਚੀ ਤੋਂ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮਰੀਜ਼ ਨੇ ਹਸਪਤਾਲ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡਾਕਟਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਗੱਲ ਇਨ੍ਹੀ ਵੱਧ ਗਈ ਕਿ ਮਰੀਜ਼ ਨੇ ਡਾਕਟਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਾਕਟਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਉਣਾ ਪਿਆ।