ਹਰਿਆਣਾ ਮਹਿਲਾ ਕਮਿਸ਼ਨ ਨੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਇਹ ਨੋਟਿਸ ਭਾਜਪਾ ਸੰਸਦ ਕੰਗਨਾ ਰਣੌਤ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਉਤੇ ਭੇਜਿਆ ਗਿਆ ਹੈ। ਮਹਿਲਾ ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਜਨਤਕ ਮਾਫੀ ਮੰਗਣ ਲਈ ਕਿਹਾ ਹੈ।
ਜਨਤਕ ਤੌਰ 'ਤੇ ਮੁਆਫੀ ਮੰਗਣ ਦਾ ਆਦੇਸ਼
ਮਹਿਲਾ ਕਮਿਸ਼ਨ ਨੇ ਸਿਮਰਨਜੀਤ ਮਾਨ ਨੂੰ ਭੇਜੇ ਨੋਟਿਸ 'ਚ ਕਿਹਾ ਹੈ ਕਿ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਕੰਗਨਾ ਰਣੌਤ 'ਤੇ ਤੁਹਾਡੇ ਬਿਆਨ ਦਾ ਖੁਦ ਨੋਟਿਸ ਲਿਆ ਹੈ। ਤੁਹਾਡੇ ਇਤਰਾਜ਼ਯੋਗ ਬਿਆਨ ਕਾਰਨ ਔਰਤ ਦੀ ਇੱਜ਼ਤ ਆਬਰੂ ਨੂੰ ਠੇਸ ਪਹੁੰਚੀ ਹੈ। ਇਸ ਲਈ ਤੁਹਾਨੂੰ 5 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗਣ ਅਤੇ ਬਿਆਨ 'ਤੇ ਆਪਣਾ ਲਿਖਤੀ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਜਾਂਦਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਸੀ ਇਹ ਬਿਆਨ
ਸਿਮਰਨਜੀਤ ਸਿੰਘ ਮਾਨ ਕੱਲ੍ਹ ਹਰਿਆਣਾ ਵਿੱਚ ਇੱਕ ਸਮਾਗਮ ਵਿੱਚ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਕੰਗਨਾ ਨੂੰ ਰੇਪ ਦਾ ਕਾਫੀ ਤਜ਼ਰਬਾ ਹੈ, ਉਸ ਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ ਹੈ। ਲੋਕਾਂ ਨੂੰ ਸਮਝਾਓ ਕਿ ਰੇਪ ਕਿਵੇਂ ਹੁੰਦਾ ਹੈ।
ਕੰਗਨਾ ਨੇ ਵੀ ਦਿੱਤਾ ਮੋੜਵਾਂ ਜਵਾਬ
ਸਿਮਰਨਜੀਤ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਕੰਗਨਾ ਨੇ ਜਵਾਬ ਦਿੱਤਾ ਸੀ ਕਿ ਲੱਗਦਾ ਹੈ ਕਿ ਇਹ ਦੇਸ਼ ਕਦੇ ਵੀ ਰੇਪ ਨੂੰ ਮਹੱਤਵਹੀਨ ਬਣਾਉਣਾ ਬੰਦ ਨਹੀਂ ਕਰੇਗਾ। ਅੱਜ ਇਸ ਆਗੂ ਨੇ ਰੇਪ ਦੀ ਤੁਲਨਾ ਸਾਈਕਲ ਨਾਲ ਕੀਤੀ ਤਾਂ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੌਜ-ਮਸਤੀ ਲਈ ਔਰਤਾਂ ਨਾਲ ਰੇਪ ਅਤੇ ਹਿੰਸਾ ਦੇਸ਼ ਦੀ ਮਾਨਸਿਕਤਾ ਵਿੱਚ ਇੰਨੀ ਡੂੰਘਾਈ ਨਾਲ ਜੜ੍ਹਾਂ ਜਮਾ ਚੁੱਕੀ ਹੈ ਕਿ ਇਸ ਦਾ ਇਸਤੇਮਾਲ ਔਰਤਾਂ ਨਾਲ ਛੇੜਛਾੜ ਜਾਂ ਮਜ਼ਾਕ ਉਡਾਉਣ ਲਈ ਕੀਤਾ ਜਾਂਦਾ ਹੈ ਚਾਹੇ ਉਹ ਇੱਕ ਵੱਡਾ ਫਿਲਮ ਨਿਰਦੇਸ਼ਕ ਜਾਂ ਨੇਤਾ ਕਿਉਂ ਨਾ ਹੋਵੇ।
ਦੱਸ ਦਈਏ ਕਿ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਉਥੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ। ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਇਹ ਬਿਆਨ ਸੁਰਖੀਆਂ ਵਿੱਚ ਸੀ, ਸਾਰੇ ਇਸ ਦੀ ਨਿਖੇਧੀ ਕਰ ਰਹੇ ਸਨ।