ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ 'ਚ ਹਨ। ਭਾਰਤ, ਬੰਗਲਾਦੇਸ਼, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਤੇਜ਼ ਲੂ ਕਾਰਨ ਪੰਜਾਬ ਦੇ ਬਠਿੰਡਾ ਦਾ ਤਾਪਮਾਨ ਲਗਾਤਾਰ ਚਾਰ ਦਿਨਾਂ ਤੋਂ ਸਭ ਤੋਂ ਗਰਮ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ ਵੀ ਰਾਹਤ ਦੇ ਕੋਈ ਸੰਕੇਤ ਨਹੀਂ ਹਨ। ਮੌਸਮ ਵਿਭਾਗ ਵੱਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 46.6 ਡਿਗਰੀ ਰਿਹਾ।
ਲੂ ਵਗਣ ਕਾਰਨ ਹੁਣ ਤੱਕ ਕਈ ਮੌਤਾਂ
ਬੰਗਲਾਦੇਸ਼ ਵਿੱਚ ਲਗਾਤਾਰ 26 ਦਿਨਾਂ ਤੋਂ ਹੀਟਵੇਵ ਜਾਰੀ ਹੈ। ਬੁੱਧਵਾਰ ਨੂੰ ਤਾਪਮਾਨ 43.8 ਡਿਗਰੀ ਤੱਕ ਪਹੁੰਚ ਗਿਆ, ਜੋ ਔਸਤ ਨਾਲੋਂ 7 ਡਿਗਰੀ ਵੱਧ ਹੈ। ਇੱਥੇ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਥਾਈਲੈਂਡ ਵਿੱਚ ਵੀ ਗਰਮੀ ਕਾਰਨ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਪ੍ਰੈਲ ਤੋਂ ਹੀ ਮਿਆਂਮਾਰ 'ਚ ਹੀਟਵੇਵ ਸ਼ੁਰੂ ਹੋ ਗਈ ਸੀ। ਇਸ ਕਾਰਨ ਦੇਸ਼ ਵਿੱਚ ਅਪ੍ਰੈਲ ਤੋਂ 10 ਮਈ ਤੱਕ ਹਰ ਰੋਜ਼ 40 ਮੌਤਾਂ ਹੋਈਆਂ।
ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ
ਮੌਸਮ ਵਿਭਾਗ ਮੁਤਾਬਕ ਵੀਰਵਾਰ 23 ਮਈ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬਰਨਾਲਾ, ਮਾਨਸਾ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਸ਼ਾਮਲ ਹਨ। ਜਦੋਂ ਕਿ ਪੰਜਾਬ ਦੇ 19 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ 'ਤੇ ਰੱਖਿਆ ਗਿਆ ਹੈ। ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ 'ਚ ਗਰਮੀ ਕਾਰਨ 2 ਮੌਤਾਂ
ਅਬੋਹਰ 'ਚ ਮੰਗਲਵਾਰ ਨੂੰ ਗਰਮੀ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬਠਿੰਡਾ 'ਚ ਭਿਆਨਕ ਗਰਮੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ 4 ਲੋਕ ਗਰਮੀ ਕਾਰਨ ਬੇਹੋਸ਼ ਹੋ ਗਏ ਸਨ।
ਪਾਕਿਸਤਾਨ 'ਚ ਸਕੂਲ ਬੰਦ, ਹਸਪਤਾਲ ਹਾਈ ਅਲਰਟ 'ਤੇ
ਪਾਕਿਸਤਾਨ ਦੇ ਮੋਹੰਜੋਦਾੜੋ ਵਿੱਚ ਤਾਪਮਾਨ 48.5 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਆਮ ਨਾਲੋਂ 8 ਡਿਗਰੀ ਵੱਧ ਹੈ, ਇੱਥੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਕੂਲ 31 ਮਈ ਤੱਕ ਬੰਦ ਕਰ ਦਿੱਤੇ ਗਏ ਹਨ। ਹਸਪਤਾਲਾਂ ਨੂੰ ਹਾਈ ਅਲਰਟ ਮੋਡ 'ਤੇ ਰੱਖਿਆ ਗਿਆ ਹੈ।
ਨੌਤਪਾ 25 ਮਈ ਤੋਂ ਹੋਵੇਗਾ ਸ਼ੁਰੂ
ਦੱਸ ਦੇਈਏ ਕਿ ਭਾਰਤ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ। ਇਹ 9 ਦਿਨ ਸਭ ਤੋਂ ਗਰਮ ਰਹਿਣਗੇ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਅਤੇ ਬਲਣਾ ਸ਼ੁਰੂ ਕਰ ਦੇਵੇਗਾ। ਇਨ੍ਹਾਂ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋਵੇਗਾ।
ਲੂ ਲੱਗਣ ਦੇ ਲੱਛਣ
ਹੀਟ ਸਟ੍ਰੋਕ ਦੇ ਕਈ ਲੱਛਣ ਹੁੰਦੇ ਹਨ ਪਰ ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਜਾਣ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਨਾਲ ਹੀ ਚਮੜੀ ਲਾਲ ਅਤੇ ਖੁਸ਼ਕ ਹੋ ਜਾਂਦੀ ਹੈ। ਗੰਭੀਰ ਸਿਰ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਕੜਵੱਲ, ਉਲਟੀ ਆਉਣਾ ਲੂ ਲੱਗਣ ਆਮ ਲੱਛਣ ਹਨ।
ਲੂ ਤੋਂ ਕਿਵੇਂ ਬਚੀਏ
ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਛੱਤਰੀ ਦੀ ਵਰਤੋਂ ਕਰੋ। ਆਪਣੇ ਸਿਰ ਅਤੇ ਚਿਹਰੇ ਨੂੰ ਕੱਪੜੇ ਨਾਲ ਢੱਕੋ।
ਵੱਧ ਤੋਂ ਵੱਧ ਪਾਣੀ ਅਤੇ ਜੂਸ ਦੀ ਵਰਤੋਂ ਕਰੋ। ਢਿੱਲੇ ਕੱਪੜੇ ਪਾਓ।
ਤੁਸੀਂ ਆਪਣੀਆਂ ਅੱਖਾਂ ਨੂੰ ਧੁੱਪ ਤੋਂ ਬਚਾਉਣ ਲਈ ਚਸ਼ਮੇ ਦੀ ਵਰਤੋਂ ਕਰ ਸਕਦੇ ਹੋ।
ਫਲਾਂ ਦਾ ਜੂਸ, ਨਾਰੀਅਲ ਪਾਣੀ, ਬੇਲ ਦਾ ਸ਼ਰਬਤ, ਛਾਛ ਆਦਿ ਦੀ ਵਰਤੋਂ ਕਰੋ।
ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਜ਼ਿਆਦਾ ਧੁੱਪ 'ਚ ਨਹੀਂ ਨਿਕਲਣਾ ਚਾਹੀਦਾ।
ਬਾਹਰੋਂ ਆਉਣ 'ਤੇ ਤੁਰੰਤ ਠੰਡਾ ਪਾਣੀ ਨਾ ਪੀਓ ਅਤੇ ਏਅਰਕੰਡੀਸ਼ਨਡ ਜਗ੍ਹਾ 'ਤੇ ਬੈਠ ਕੇ ਤੁਰੰਤ ਬਾਹਰ ਨਾ ਜਾਓ।