ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਕਪਲ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕੁੱਲ੍ਹੜ ਪੀਜ਼ਾ ਕਪਲ ਦੇ ਰੈਸਟੋਰੈਂਟ ਦੇ ਬਾਹਰ ਨਿਹੰਗਾਂ ਨੇ ਹੰਗਾਮਾ ਕਰ ਦਿੱਤਾ ਸੀ ਤੇ ਅਲਟੀਮੇਟਮ ਵੀ ਦਿੱਤਾ ਸੀ। ਅਲਟੀਮੇਟਮ ਮਿਲਣ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਨੇ ਸੁਰੱਖਿਆ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਕਪਲ ਨੇ ਹੰਗਾਮੇ ਤੋਂ ਬਾਅਦ ਜਾਰੀ ਕੀਤੀ ਸੀ ਵੀਡੀਉ
ਨਿਹੰਗਾਂ ਦੇ ਹੰਗਾਮੇ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਸਹਿਜ ਅਰੋੜਾ ਨੇ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਮੈਂ ਦਸਤਾਰ ਸਜਾ ਸਕਦਾ ਹਾਂ ਜਾਂ ਨਹੀਂ, ਇਸ ਮਾਮਲੇ ਦਾ ਜਵਾਬ ਲੈਣ ਲਈ ਮੈਂ ਜਲਦ ਹੀ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਪੇਸ਼ ਹੋਵਾਂਗਾ| ਜਿੱਥੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਾਡੇ ਸਿੱਖਾਂ ਦੀ ਸਰਵਉੱਚ ਸੰਸਥਾ ਹੀ ਸਹੀ ਅਤੇ ਗਲਤ ਦੀ ਚੋਣ ਕਰ ਸਕਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰ ਚੁੱਕੇ ਸੁਰੱਖਿਆ ਦੀ ਮੰਗ
ਸਹਿਜ ਅਰੋੜਾ ਨੇ ਅੱਗੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਖਿਆਲ ਰੱਖਣ। ਸਾਡੇ ਰੈਸਟੋਰੈਂਟ ਦੇ ਬਾਹਰ ਵਾਰ-ਵਾਰ ਅਜਿਹਾ ਮਾਹੌਲ ਨਾ ਬਣਾਇਆ ਜਾਵੇ, ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਨਿਹੰਗ ਸਿੰਘ ਨੇ ਦਿੱਤਾ ਸੀ ਅਲਟੀਮੇਟ
ਨਿਹੰਗਾਂ ਨੇ ਕੁੱਲ੍ਹੜ ਪੀਜ਼ਾ ਕਪਲ ਨੂੰ 18 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਨਾਲ ਹੀ ਸੋਸ਼ਲ ਮੀਡੀਆ ਤੋਂ ਸਾਰੀਆਂ ਵੀਡੀਓ ਡਿਲੀਟ ਕਰਨ ਲਈ ਕਿਹਾ ਸੀ। 18 ਅਕਤੂਬਰ ਨੂੰ ਬਾਬਾ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਸਿੱਖ ਜਥੇ ਸਮੇਤ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਪਹੁੰਚੇ, ਜਿੱਥੇ ਉਨ੍ਹਾਂ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ਨਿਹੰਗ ਮਾਨ ਸਿੰਘ ਨੇ ਕਿਹਾ ਕਿ ਉਹ ਹੁਣ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੁੱਲ੍ਹੜ ਪੀਜ਼ਾ ਕਪਲ ਦੇ ਖਿਲਾਫ ਕਾਰਵਾਈ ਕਰਨਗੇ। ਪੁਲਿਸ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ।