ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੀ ਐਕਟਿਵਾ 'ਤੇ ਸਵਾਰ ਦੋ ਔਰਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਬੀਤੀ ਰਾਤ ਦਾ ਹੈ।
ਦੱਸ ਦੇਈਏ ਕਿ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਦੋ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸੈਕਟਰ 4 ਵਿੱਚ ਸਥਿਤ ਇੱਕ ਪੈਟਰੋਲ ਪੰਪ ਨੇੜੇ ਵਾਪਰੀ।
ਪੈਟਰੋਲ ਪੰਪ ਨੇੜੇ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਚੰਡੀਗੜ੍ਹ ਸੈਕਟਰ-4 ਪੈਟਰੋਲ ਪੰਪ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਐਕਟਿਵਾ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਨ੍ਹਾਂ ਦੇ ਸਾਹਮਣੇ ਇੱਕ ਹੋਰ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਕਾਰ ਦੇ ਬੋਨਟ ਵਿੱਚ ਫਸ ਗਈ ਅਤੇ ਕਾਰ ਇਸਨੂੰ ਕਾਫ਼ੀ ਦੂਰ ਤੱਕ ਘਸੀਟਦੀ ਗਈ।
ਮ੍ਰਿਤਕ ਦੀ ਪਛਾਣ
ਮ੍ਰਿਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ, ਜੋ ਕਿ ਨਯਾਗਾਓਂ ਦਾ ਰਹਿਣ ਵਾਲਾ ਸੀ, ਜਦੋਂ ਕਿ ਜ਼ਖਮੀਆਂ ਦੀ ਪਛਾਣ ਸੋਨੀ ਅਤੇ ਗੁਰਲੀਨ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਪੋਰਸ਼ ਕਾਰ ਸੈਕਟਰ-21 ਦੇ ਵਸਨੀਕ ਸੰਜੀਵ ਦੇ ਨਾਮ 'ਤੇ ਰਜਿਸਟਰਡ ਹੈ।