ਜਲੰਧਰ ਦੀ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਨਟਿਵ ਯੂਨਿਟ ਦੀ ਟੀਮ ਨੇ ਜੀਐਸਟੀ ਚੋਰੀ ਦੇ ਮਾਮਲੇ ਵਿੱਚ ਲੁਧਿਆਣਾ ਦੇ 4 ਕਾਰੋਬਾਰੀਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਡਸਟਰੀ ਦੇ ਇਨ੍ਹਾਂ 4 ਮਾਲਕਾਂ ਨੇ ਕਈ ਸਾਲਾਂ ਤੋਂ ਜੀਐਸਟੀ ਦਾ ਭੁਗਤਾਨ ਨਹੀਂ ਕੀਤਾ ਹੈ। 33 ਫਰਮਾਂ ਦਾ ਕਾਰੋਬਾਰ ਬੇਰੁਜ਼ਗਾਰਾਂ ਦੇ ਨਾਂ 'ਤੇ ਰਜਿਸਟਰਡ ਸੀ ਪਰ ਉਹ ਖੁਦ ਇਨ੍ਹਾਂ ਸਾਰਿਆਂ ਦਾ ਕੰਮ ਦੇਖ ਰਹੇ ਸਨ।
ਕਰੋੜਾਂ ਰੁਪਏ ਦੀ ਜੀਐਸਟੀ ਰਾਸ਼ੀ ਬਕਾਇਆ
ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ, ਵਿਜੇ ਕਪੂਰ, ਮਨਦੀਪ ਕੁਮਾਰ, ਹਰਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੀਐਸਟੀ ਦਾ ਭੁਗਤਾਨ ਨਾ ਹੋਣ ਕਾਰਨ ਜੀਐਸਟੀ ਦੀ ਰਕਮ 3000 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਪੁਲਸ ਨੇ ਕੀਤਾ ਮਾਮਲਾ ਦਰਜ
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੇ ਆਈਪੀਸੀ ਦੀ ਧਾਰਾ 420,467,468,471,120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਇਆ ਗਿਆ।
ਨੋਟਿਸ ਦਾ ਜਵਾਬ ਦਿੱਤਾ ਪਰ ਟੈਕਸ ਨਹੀਂ ਉਤਾਰਿਆ
ਦੱਸ ਦੇਈਏ ਕਿ ਇਹ ਛਾਪੇਮਾਰੀ ਜਲੰਧਰ ਤੋਂ ਸਟੇਟ ਟੈਕਸ ਅਫਸਰ ਰਾਹੁਲ ਬਾਂਸਲ ਦੀ ਅਗਵਾਈ ਵਿੱਚ ਕੀਤੀ ਗਈ ਸੀ। ਸਰਕਾਰ ਨੇ ਇਨ੍ਹਾਂ ਸਨਅਤਕਾਰਾਂ ਨੂੰ ਕਈ ਨੋਟਿਸ ਜਾਰੀ ਕੀਤੇ ਸਨ। ਸਨਅਤਕਾਰਾਂ ਨੇ ਨੋਟਿਸ ਦਾ ਜਵਾਬ ਤਾਂ ਦੇ ਦਿੱਤਾ ਪਰ ਟੈਕਸ ਨਹੀਂ ਭਰਿਆ। ਆਬਕਾਰੀ ਤੇ ਕਰ ਵਿਭਾਗ ਸਨਅਤਕਾਰਾਂ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਹੁਣ ਵਿਭਾਗ ਨੇ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਹੈ।