ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਕੰਗਣਾ ਨੇ ਦਿੱਤੀ। ਹੁਣ ‘ਐਮਰਜੈਂਸੀ’ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ਼ ਹੋ ਗਿਆ ਹੈ।
ਕੰਗਨਾ ਰਣੌਤ ਨੇ ਬੀਤੇ ਦਿਨੀਂ ਟਵੀਟ ਕਰ ਕੇ 'ਐਮਰਜੈਂਸੀ' ਫਿਲਮ ਨੂੰ ਲੈ ਕੇ ਸੈਂਸਰ ਬੋਰਡ ਵਲੋਂ ਜਾਰੀ ਸਰਟੀਫਿਕੇਟ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ। ਹੁਣ ਉਹ ਜਲਦ ਹੀ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕਰੇਗੀ।
ਵਿਵਾਦਾਂ ਵਿਚ ਰਹੀ ਹੈ ਫਿਲਮ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣ ਸੀ ਪਰ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਈ। ਇਸ ਫਿਲਮ ਵਿਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਦ੍ਰਿਸ਼ ਦਿਖਾਏ ਗਏ ਹਨ। ਇਸ ਫਿਲਮ ਦਾ ਕਾਫੀ ਵਿਰੋਧ ਹੋਇਆ ਸੀ।
ਕਈ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਸੀ। ਨਾਲ ਹੀ, ਹਰਿਆਣਾ ਚੋਣਾਂ ਤੋਂ ਪਹਿਲਾਂ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਈ ਖਤਰੇ ਮੰਡਰਾ ਰਹੇ ਸਨ। ਇਨ੍ਹਾਂ ਸਾਰੇ ਵਿਵਾਦਾਂ ਕਾਰਨ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਫਿਲਮ ਲੰਬੇ ਸਮੇਂ ਤੱਕ ਸੈਂਸਰ ਬੋਰਡ 'ਚ ਫਸੀ ਰਹੀ। ਹੁਣ ਫਿਲਮ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ । ਇਸ ਤੋਂ ਬਾਅਦ ਫਿਰ ਸਿੱਖ ਜਥੇਬੰਦੀਆਂ ਨੇ ਫਿਲਮ ਦਾ ਵਿਰੋਧ ਕੀਤਾ ਹੈ।
ਰਵਨੀਤ ਬਿੱਟੂ ਦਾ ਬਿਆਨ ਵੀ ਆਇਆ ਸਾਹਮਣੇ
ਇਸ ਉਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚੋਂ ਇਤਰਾਜ਼ਯੋਗ ਸੀਨ ਕੱਟ ਦਿੱਤੇ ਗਏ ਹਨ, ਹੁਣ ਫਿਲਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ।
ਫਿਲਮ ਦਾ ਜਥੇਦਾਰਾਂ ਨੇ ਕੀਤਾ ਵਿਰੋਧ
ਫਿਲਮ ਨੂੰ ਸਰਟੀਫਿਕੇਟ ਦੇਣ ਉਤੇ ਜਥੇਦਾਰਾਂ ਨੇ ਕਈ ਸਵਾਲ ਚੁੱਕੇ ਹਨ। ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਬਿ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਫਿਲਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ। ਜਥੇਦਾਰ ਗਿਆਨੀ ਸੁਲਤਾਨ ਸਿੰਘ ਵਲੋਂ ਵੀ ਨਿਖੇਧੀ ਕੀਤੀ ਗਈ।
ਜਥੇਦਾਰ ਸਾਹਿਬ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਫਿਲਮ ਵਿਚ ਸਰਕਾਰ ਨੇ 120 ਕੱਟ ਲਾਏ ਹਨ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦੀ ਨਿੰਦਾ ਕੀਤੀ ਹੈ।