ਭਾਜਪਾ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਹੁਣ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਦੱਸ ਦੇਈਏ ਕਿ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਨੂੰ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਤੋਂ ਅਸਮਰੱਥ ਹੈ, ਕਿਉਂਕਿ ਇਹ ਐਮ.ਪੀ. ਹਾਈਕੋਰਟ ਦੇ ਹੁਕਮ ਦੇ ਉਲਟ ਹੋਵੇਗਾ।
ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਨੂੰ
ਦੱਸ ਦੇਈਏ ਕਿ ਅਦਾਲਤ ਨੇ ਸੀ.ਬੀ.ਐਫ.ਸੀ. ਨੂੰ 18 ਸਤੰਬਰ ਤੱਕ ਫੈਸਲਾ ਲੈਣ ਲਈ ਵੀ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ। ਅਜਿਹੇ ਵਿਚ ਹੁਣ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ।
ਬੰਬੇ ਹਾਈ ਕੋਰਟ ਵਿਚ ਕੀਤੀ ਗਈ ਸੀ ਪਟੀਸ਼ਨ ਦਾਇਰ
‘ਐਮਰਜੈਂਸੀ’ ਦੀ ਸਹਿ-ਨਿਰਮਾਤਾ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਨੇ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ਨੂੰ ਰਿਲੀਜ਼ ਕਰਨ ਅਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਬੰਬੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੈਂਸਰ ਬੋਰਡ ਨੇ ਮਨਮਾਨੇ ਅਤੇ ਗੈਰ-ਕਾਨੂੰਨੀ ਢੰਗ ਨਾਲ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ।ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦਾ 19 ਤਰੀਕ ਦੀ ਸੁਣਵਾਈ ਤੋਂ ਬਾਅਦ ਹੀ ਪਤਾ ਚੱਲੇਗਾ।
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਐਫਸੀ ਨੂੰ ਨਿਰਦੇਸ਼ ਦਿੱਤਾ ਕਿ ਫਿਲਮ ਨੂੰ ਲੈ ਕੇ ਜੋ ਵੀ ਇਤਰਾਜ਼ ਹਨ, ਉਨ੍ਹਾਂ ਨੂੰ 13 ਸਤੰਬਰ ਤੋਂ ਪਹਿਲਾਂ ਕਲੀਅਰ ਕੀਤਾ ਜਾਵੇ। ਨਾਲ ਹੀ ਬੋਰਡ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਕ ਫਿਲਮ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਤੁਸੀਂ ਗਣਪਤੀ ਤਿਉਹਾਰ ਦੇ ਨਾਮ 'ਤੇ ਛੁੱਟੀ ਦਾ ਐਲਾਨ ਕਰਕੇ ਸਰਟੀਫਿਕੇਟ ਨਾਲ ਸਬੰਧਤ ਮਾਮਲਿਆਂ 'ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।