ਮਾਨਸੂਨ 1 ਜੂਨ ਨੂੰ ਕੇਰਲ ਪਹੁੰਚ ਰਿਹਾ ਹੈ, ਜਿੱਥੇ ਪੂਰੇ ਉੱਤਰ ਭਾਰਤ ਨੂੰ ਕਹਿਰ ਦੀ ਗਰਮੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਉੱਥੇ ਹੀ ਲੋਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ 28 ਜੂਨ ਦੇ ਆਸ-ਪਾਸ ਪੰਜਾਬ-ਹਰਿਆਣਾ 'ਚ ਬਾਰਸ਼ ਹੋਵੇਗੀ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਫਿਲਹਾਲ ਅਜੇ ਦੋਵਾਂ ਸੂਬਿਆਂ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੇਰਲ 'ਚ ਮਾਨਸੂਨ ਦੇ 1 ਜੂਨ ਨੂੰ ਆਉਣ ਤੋਂ ਬਾਅਦ ਪੰਜਾਬ-ਹਰਿਆਣਾ 'ਚ ਬਾਰਸ਼ ਦੀ ਕੁਝ ਉਮੀਦ ਹੈ। ਮੁੰਬਈ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਨੀਲ ਕਾਂਬਲੇ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਅੰਡੇਮਾਨ ਟਾਪੂ 'ਤੇ ਪਹੁੰਚ ਗਿਆ ਹੈ ਅਤੇ 31 ਮਈ ਤੱਕ ਕੇਰਲ ਪਹੁੰਚ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 10 ਤੋਂ 11 ਜੂਨ ਦਰਮਿਆਨ ਮਾਨਸੂਨ ਦੇ ਮੁੰਬਈ ਪਹੁੰਚਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹੁਣ ਤੱਕ ਦੀ ਭਵਿੱਖਬਾਣੀ ਦੱਸ ਰਹੀ ਹੈ ਕਿ ਮਾਨਸੂਨ 1 ਜੂਨ ਨੂੰ ਕੇਰਲ 'ਚ ਪਹੁੰਚੇਗਾ ਅਤੇ ਪੰਜਾਬ ਅਤੇ ਹਰਿਆਣਾ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹੀਟ ਵੇਵ ਕਾਰਨ ਤਾਪਮਾਨ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਅਜਿਹੇ 'ਚ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਲੋੜੀਂਦੀ ਮਾਤਰਾ 'ਚ ਪਾਣੀ ਪੀਣਾ ਅਤੇ ਛਾਂ 'ਚ ਰਹਿਣਾ ਜ਼ਰੂਰੀ ਹੈ। ਬਾਹਰ ਜਾਣ ਸਮੇਂ ਛੱਤਰੀ, ਪਾਣੀ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।
ਫਰੀਦਕੋਟ 'ਚ ਤਾਪਮਾਨ 47 ਤੋਂ ਪਾਰ
ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਤ ਦੀ ਗਰਮੀ ਰਹੀ। ਲੁਧਿਆਣਾ, ਪਟਿਆਲਾ, ਬਠਿੰਡਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਵੀ ਦਿਨ ਵੇਲੇ ਹੀਟ ਵੇਵ ਰਹੀ। ਇਸ ਕਾਰਨ ਗਲੀਆਂ ਅਤੇ ਬਾਜ਼ਾਰਾਂ ਵਿੱਚ ਸੰਨਾਟਾ ਛਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਵਿੱਚ ਫਰੀਦਕੋਟ ਸਭ ਤੋਂ ਗਰਮ ਰਿਹਾ। ਦਿਨ ਦਾ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਛੇ ਡਿਗਰੀ ਵੱਧ ਸੀ। ਇਹ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਸੀ। ਇਸ ਦੇ ਨਾਲ ਹੀ ਬਠਿੰਡਾ ਵਿੱਚ ਦਿਨ ਦਾ ਤਾਪਮਾਨ 46.9 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 5.5 ਡਿਗਰੀ ਵੱਧ ਸੀ। ਬਠਿੰਡਾ ਵਿੱਚ ਲਗਾਤਾਰ ਗਰਮੀ ਪੈ ਰਹੀ ਹੈ। ਚੰਡੀਗੜ੍ਹ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਦਿਨ ਦਾ ਤਾਪਮਾਨ 45.2 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 45.7, ਲੁਧਿਆਣਾ ਵਿੱਚ 44.8, ਜਲੰਧਰ ਵਿੱਚ 42.7, ਰੋਪੜ ਵਿੱਚ 43.4 ਅਤੇ ਗੁਰਦਾਸਪੁਰ ਵਿੱਚ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੌਤਪਾ 2 ਜੂਨ ਤੱਕ ਜਾਰੀ ਰਹੇਗਾ
ਦੱਸ ਦੇਈਏ ਕਿ ਭਾਰਤ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋਇਆ ਸੀ ਅਤੇ ਇਸਦਾ ਪ੍ਰਭਾਵ 2 ਜੂਨ ਤੱਕ ਰਹੇਗਾ। ਇਹ 9 ਦਿਨ ਸਭ ਤੋਂ ਗਰਮ ਰਹਿਣਗੇ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਤੇ ਇਨ੍ਹਾਂ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋਵੇਗਾ।