ਲੁਧਿਆਣਾ ਵਿਚ ਸਾਲ 2025 ਦੇ ਆਗਾਜ਼ 'ਤੇ ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੋਅ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਦੁੱਗਣਾ ਕਰ ਦਿੱਤਾ।
ਦਿਲ-ਲੂਮਿਨਾਟੀ ਟੂਰ ਦਾ ਆਖ਼ਰੀ ਸ਼ੋਅ
ਦੱਸ ਦੇਈਏ ਕਿ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੇ ਤੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਦਾ ਇਹ ਆਖ਼ਰੀ ਸ਼ੋਅ ਲੁਧਿਆਣਾ ਵਿਚ ਹੋਇਆ। ਇਹ ਦਿਲਜੀਤ ਦੇ ਇਸ ਟੂਰ ਦਾ ਪੰਜਾਬ ਵਿਚ ਪਹਿਲਾ ਤੇ ਅੰਤਿਮ ਸ਼ੋਅ ਸੀ, ਜਿਸ ਨੂੰ ਦੇਖਣ ਲਈ ਪ੍ਰਸ਼ੰਸਕ ਹੁੰਮ ਹੁੰਮਾ ਕੇ ਪੁੱਜੇ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਗਾਇਕ ਮੁਹੰਮਦ ਸਦੀਕ ਨਾਲ ਗਾਇਆ ਮਲਕੀ-ਕੀਮਾ
ਇਸ ਮੌਕੇ ਦਿਲਜੀਤ ਨੇ ਆਪਣੇ ਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਨੱਚਣ ਲਗਾ ਦਿੱਤਾ। ਇਸ ਦੌਰਾਨ ਦਿਲਜੀਤ ਨੇ ਫੈਨਜ਼ ਦੀ ਡਿਮਾਂਡ ’ਤੇ ਗੀਤ ਗਾਏ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਤੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ-ਕੀਮਾ ਗੀਤ ਗਾਇਆ, ਜਿਸ ਨਾਲ ਸ਼ੋਅ ਦੀ ਰੌਣਕ ਹੋਰ ਵੀ ਵਧ ਗਈ
ਪੁਲਸ ਨੇ ਸੁਰੱਖਿਆ ਦੇ ਕੀਤੇ ਸਨ ਸਖਤ ਸੁਰੱਖਿਆ ਪ੍ਰਬੰਧ
ਸ਼ੋਅ ਦੇ ਮੱਦੇਨਜ਼ਰ ਪੁਲਸ ਤੇ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਦਿਲਜੀਤ ਨੂੰ ਦੇਖਣ ਵਾਲੇ ਤਾਂ ਇਸ ਸ਼ੋਅ ਵਿਚ ਪੁੱਜੇ ਹੀ ਸਨ ਪਰ ਸੜਕਾਂ ’ਤੇ ਦਿਲਜੀਤ ਨੂੰ ਬਿਨਾਂ ਟਿਕਟ ਤੋਂ ਦੇਖਣ ਵਾਲੇ ਲੋਕਾਂ ਦੀਆਂ ਵੀ ਲੰਮੀਆਂ ਲਾਈਨਾਂ ਲਗੀਆਂ ਰਹੀਆਂ ਤੇ ਸੜਕਾਂ ਉਤੇ ਫੈਨਾਂ ਨੇ ਖੂਬ ਭੰਗੜਾ ਪਾਇਆ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈਆਂ।
ਮਨੁੱਖਤਾ ਦੀ ਸੇਵਾ ਦੇ ਆਸ਼ਰਮ ਵੀ ਗਏ
ਦਿਲਜੀਤ ਮੰਗਲਵਾਰ ਸਵੇਰੇ ਹੀ ਲੁਧਿਆਣਾ ਪੁੱਜੇ ਸਨ, ਉਹ ਪਹਿਲਾਂ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਪੁੱਜੇ ਤੇ ਫਿਰ ਮੁੱਲਾਂਪੁਰ ਸਥਿਤ ਮਨੁੱਖਤਾ ਦੀ ਸੇਵਾ ਦੇ ਆਸ਼ਰਮ ਵਿਚ ਲੋਕਾਂ ਨੂੰ ਮਿਲਣ ਪੁੱਜੇ। ਇਸ ਥਾਂ ’ਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸਿਲਵਰ, ਗੋਲਡ ਤੇ ਹੋਰਨਾਂ ਕੈਟਾਗਿਰੀਆਂ ਦੇ ਹਿਸਾਬ ਨਾਲ ਸ਼ੋਅ ਵਿਚ ਲੋਕਾਂ ਨੂੰ ਐਂਟਰੀ ਦਿੱਤੀ ਗਈ ਪਰ ਲੋਕ ਸ਼ੋਅ ਦੌਰਾਨ ਵੀ ਐਂਟਰੀ ਲੈਣ ਲਈ ਪੀਏਯੂ ਪੁੱਜਦੇ ਰਹੇ।
ਪੰਜਾਬੀ ਆ ਗਏ ਓਏ...
ਦਿਲਜੀਤ ਜਿਵੇਂ ਹੀ ਸਟੇਜ 'ਤੇ ਆਏ ਤਾਂ ਉਨ੍ਹਾਂ ਨੇ ਆਪਣਾ ਸੱਜਾ ਹੱਥ ਉਤੇ ਚੁੱਕ ਕੇ ਕਿਹਾ, 'ਪੰਜਾਬੀ ਆ ਗਏ ਓਏ ... ਸਾਰੇ ਦਰਸ਼ਕਾਂ ਨੇ ਦਿਲਜੀਤ ਦਾ ਸਵਾਗਤ ਕੀਤਾ। ਸਟੇਜ 'ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਮੇਰੀ ਇੱਛਾ ਅੱਜ ਨਵੇਂ ਸਾਲ 'ਤੇ ਪੂਰੀ ਹੋਈ
ਉਨ੍ਹਾਂ ਕਿਹਾ ਕਿ ਮੇਰੀ ਇੱਛਾ ਸੀ ਕਿ ਇਸ ਵਾਰ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਚਹੇਤਿਆਂ ਵਿਚਕਾਰ ਮਨਾਵਾਂ। ਮੇਰੀ ਇੱਛਾ ਅੱਜ ਨਵੇਂ ਸਾਲ 'ਤੇ ਪੂਰੀ ਹੋਈ। ਮੈਂ ਆਪਣੇ ਹੀ ਲੋਕਾਂ ਵਿੱਚ ਹੋਣ ਲਈ ਬੇਤਾਬ ਸੀ। ਜਦੋਂ ਵੀ ਮੈਂ ਦੁਨੀਆ ਵਿੱਚ ਕਿਤੇ ਵੀ ਫਸ ਜਾਂਦਾ ਹਾਂ, ਮੈਂ ਸੋਚਦਾ ਹਾਂ ਕਿ ਮੈਂ ਲੁਧਿਆਣੇ ਦਾ ਹਾਂ, ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ। ਦਿਲਜੀਤ ਨੇ ਕਿਹਾ ਕਿ ਮੇਰਾ ਬਚਪਨ ਇਸ ਸ਼ਹਿਰ 'ਚ ਬੀਤਿਆ ਹੈ। ਇਸ ਸ਼ਹਿਰ ਨੇ ਮੈਨੂੰ ਵੱਡੇ-ਵੱਡੇ ਸੁਪਨੇ ਦਿਖਾਏ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਦਿੱਤੀ ਹੈ।
ਦਿਲਜੀਤ ਦੇ ਗਾਣਿਆਂ ਤੇ ਖੂਬ ਥਿਰਕੇ ਦਰਸ਼ਕ
ਅਸੀਂ ਦਿਲਜੀਤ ਦੇ ਗੀਤ ਪਟਿਆਲਾ ਪੈਗ ਲਾ ਛੱਡੀ ਦਾ, ਮਿੱਤਰਾ ਤੇ ਕੇਸ ਚਲਦਾ, ਕੇਸ ਚਲਦਾ, ਨੀ ਤੁੰ ਤੂੰ ਜੱਟ ਦਾ ਪਿਆਰ ਗੋਰੀਏ, ਪਹਿਲੇ ਲਲਕਾਰੇ ਆਦਿ ਗਾਣੇ ਗਾ ਕੇ ਸ਼ੋਅ ਨੂੰ ਚਾਰ ਚੰਨ ਲਾ ਦਿੱਤੇ। ਦਿਲਜੀਤ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੂੰ ਵੀ ਸਟੇਜ 'ਤੇ ਬੁਲਾਇਆ ਤੇ ਇਕੱਠਿਆਂ ਗੀਤ ਗਾਇਆ।
45 ਹਜ਼ਾਰ ਲੋਕ ਪਹੁੰਚੇ
ਰਿਪੋਰਟ ਮੁਤਾਬਕ ਦਿਲਜੀਤ ਦੇ ਸ਼ੋਅ 'ਚ ਕਰੀਬ 45 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਰਾਤ ਦੇ 12 ਵੱਜਦੇ ਹੀ ਪੀਏਯੂ ਗਰਾਊਂਡ ਪਟਾਕਿਆਂ ਨਾਲ ਗੂੰਜ ਉੱਠਿਆ। ਦਿਲਜੀਤ ਦਾ ਇਹ ਸ਼ੋਅ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 10 ਸ਼ਹਿਰਾਂ 'ਚ ਚੱਲਿਆ। ਦਿਲਜੀਤ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।