ਪੰਜਾਬ ਦੇ ਕੁਝ ਜ਼ਿਲ੍ਹਿਆਂ ਤੇ ਚੰਡੀਗੜ੍ਹ 'ਚ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਸੂਬੇ ਦੇ ਵੱਧ ਤੋਂ ਵੱਧ ਤਾਪਮਾਨ 'ਚ 4.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ (ਸ਼ੁੱਕਰਵਾਰ) ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਫਾਜ਼ਿਲਕਾ, ਮੁਕਤਸਰ, ਫ਼ਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੂਪਨਗਰ, ਅਤੇ ਫਤਿਹਗੜ੍ਹ ਸਾਹਿਬ ਰੂਪਨਗਰ, ਮੋਹਾਲੀ ਸ਼ਾਮਲ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਲਰਟ ਨਹੀਂ ਹੈ |
ਚੰਡੀਗੜ੍ਹ 'ਚ ਵੀਰਵਾਰ ਨੂੰ 43 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਦੌਰਾਨ ਕਈ ਥਾਵਾਂ 'ਤੇ ਪਾਣੀ ਭਰ ਗਿਆ । ਸ਼ਹਿਰ 'ਚ ਹੁਣ ਤੱਕ 752.3 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਇਸ ਸਮੇਂ ਦੌਰਾਨ ਮੁਹਾਲੀ 'ਚ 3.5 ਮਿਲੀਮੀਟਰ, ਰੋਪੜ ਵਿੱਚ 0.5 ਮਿਲੀਮੀਟਰ, ਰੂਪਨਗਰ 'ਚ 6.5 ਮਿਲੀਮੀਟਰ, ਪਟਿਆਲਾ 'ਚ 2.0 ਮਿਲੀਮੀਟਰ ਤੇ ਪਠਾਨਕੋਟ 'ਚ 1.0 ਮਿਲੀਮੀਟਰ ਮੀਂਹ ਪਿਆ। ਰਾਜ ਵਿੱਚ 37.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਚੱਕਰਵਾਤੀ ਚੱਕਰ ਕਾਰਨ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਹਰਿਆਣਾ 'ਚ ਅੱਜ ਵੀ ਮੌਸਮ ਬਦਲੇਗਾ
ਹਰਿਆਣਾ 'ਚ ਮਾਨਸੂਨ ਅਜੇ ਵੀ ਸਰਗਰਮ ਹੈ। ਜਿਸ ਕਾਰਨ ਅੱਜ ਵੀ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਬਦਲਾਅ ਦੇ ਆਸਾਰ ਹਨ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਸੋਨੀਪਤ, ਪਾਣੀਪਤ, ਯਮੁਨਾਨਗਰ, ਝੱਜਰ, ਗੁਰੂਗ੍ਰਾਮ, ਰੇਵਾੜੀ, ਫਰੀਦਾਬਾਦ, ਪਲਵਲ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣਗੇ, ਹਲਕੀ ਬਾਰਿਸ਼ ਵੀ ਹੋ ਸਕਦੀ ਹੈ।
ਗੁਜਰਾਤ 'ਚ ਬੱਸ ਨਦੀ 'ਚ ਫਸੀ
ਗੁਜਰਾਤ ਦੇ ਭਾਵਨਗਰ ਜ਼ਿਲੇ 'ਚ ਵੀਰਵਾਰ ਨੂੰ ਤਾਮਿਲਨਾਡੂ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਇਕ ਪੁਲ 'ਤੇ ਫਸ ਗਈ। ਨਦੀ 'ਚ ਹੜ੍ਹ ਆਉਣ ਕਾਰਨ ਪੁਲ 'ਤੇ ਪਾਣੀ ਆ ਗਿਆ ਸੀ। ਜਿਸ ਤੋਂ ਬਾਅਦ ਬਚਾਅ ਕਾਰਜ ਨੇ ਬੜੀ ਮਿਹਨਤ ਨਾਲ ਸਾਰਿਆਂ ਨੂੰ ਬਚਾਇਆ। ਬੱਸ ਵਿੱਚ 29 ਲੋਕ ਸਵਾਰ ਸਨ। ਲੋਕਾਂ ਨੂੰ ਬਚਾਉਣ ਲਈ ਗਿਆ ਇੱਕ ਟਰੱਕ ਵੀ ਨਦੀ ਵਿੱਚ ਫਸ ਗਿਆ। ਜਿਸ ਤੋਂ ਬਾਅਦ NDRF ਅਤੇ SDRF ਦੀਆਂ ਟੀਮਾਂ ਨੇ ਕਰੀਬ 8 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਬਚਾਇਆ।