ਪੰਜਾਬੀ ਗਾਇਕ ਰਣਜੀਤ ਬਾਵਾ ਦਾ ਅੱਜ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿਚ ਨਾਲਾਗੜ੍ਹ ਵਿਖੇ ਹੋਣ ਵਾਲਾ ਸ਼ੋਅ ਰੱਦ ਹੋਣ ਤੋਂ ਬਾਅਦ ਉਨ੍ਹਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅਪੀਲ ਕੀਤੀ ਹੈ।
ਪੋਸਟ ਵਿਚ ਕੀ ਕੁਝ ਲਿਖਿਆ
ਇਸ ਸਬੰਧੀ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਸਟੋਰੀ ਪੋਸਟ ਕੀਤੀ ਹੈ, ਜਿਸ ਵਿਚ ਲਿਖਿਆ ਕਿ ਨਾਲਾਗੜ੍ਹ ਸ਼ੋਅ ਕੈਂਸਲ ਕਰਵਾ ਕੇ ਕੁੱਝ ਲੋਕਾਂ ਨੇ ਨਫਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਪੋਲੀਟਿਕਸ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਓ। ਜੋੜਨਾ ਸਿੱਖੋ ਤੋੜਨਾ ਨਹੀਂ।
ਉਨ੍ਹਾਂ ਅੱਗੇ ਲਿਖਿਆ ਕਿ ਇਹ ਦੇਸ਼ ਸਭ ਦਾ ਸਾਂਝਾ ਹੈ, ਕਿਸੇ ਇਕ ਦਾ ਨਹੀਂ ਕਿ ਜਦੋਂ ਜੀਅ ਕੀਤਾ ਰੌਲਾ ਪਾ ਲਿਆ। ਮੈਂ ਹਿਮਾਚਲ ਦੇ ਮਾਣਯੋਗ CM ਸੁੱਖੂ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਇਕ ਸਾਲ ਵਿਚ ਸਾਡਾ ਤੀਜੀ ਵਾਰ ਹਿਮਾਚਲ ਵਿਚ ਸ਼ੋਅ ਕੈਂਸਲ ਹੋਇਆ ਹੈ। ਤੁਸੀਂ ਇਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ, ਜਿਹੜੇ ਧਰਮ ਦੇ ਨਾਂ ਉਤੇ ਪਾਲੀਟਿਕਸ ਖੇਡਦੇ ਹਨ। ਕਲਾਕਾਰ ਲੋਕਾਂ ਦੇ ਮਨੋਰੰਜਨ ਲਈ ਹੁੰਦਾ ਪਰ ਤੁਸੀਂ ਨਫਰਤ ਦਾ ਸਬੂਤ ਦੇ ਰਹੇ ਹੋ। ਅਸੀਂ ਸਭ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਕੁਝ ਲੋਕ ਧਰਮ ਦੇ ਨਾਂ ਉਤੇ ਲੜਾਈ ਖਤਮ ਨਹੀਂ ਕਰਨਾ ਚਾਹੁੰਦੇ।
ਇਸ ਗੀਤ ਕਾਰਨ ਹੋਇਆ ਸੀ ਵਿਰੋਧ
ਬਾਵਾ ਨੇ ਲਿਖਿਆ ਕਿ ਜਿਸ ਗੀਤ ਨੂੰ ਲੈ ਕੇ ਵਿਰੋਧ ਕੀਤਾ ਗਿਆ 'ਮੇਰਾ ਕੀ ਕਸੂਰ', ਉਸ ਗੀਤ ਨੂੰ ਰਿਮੂਵ ਕਰੇ ਨੂੰ 4 ਸਾਲ ਹੋ ਗਏ ਅਤੇ ਅਸੀਂ ਵੀਡੀਓ ਵੀ ਪਾਈ ਸੀ ਕਿ ਕਿਸੇ ਦੇ ਦਿਲ ਨੂੰ ਠੇਸ ਪੁੱਜੀ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ। ਪਰ ਫਿਰ ਵੀ ਇਕੋ ਗੱਲ ਨੂੰ ਲੈ ਕੇ ਵਿਰੋਧ ਕਰੀ ਜਾਣਾ ਠੀਕ ਨਹੀਂ, ਜਿਸ ਲਈ ਮਾਫੀ ਵੀ ਮੰਗ ਲਈ ਗਈ।
ਕਲਾਕਾਰਾਂ ਨੂੰ ਵੀ ਕੀਤੀ ਅਪੀਲ
ਉਨ੍ਹਾਂ ਹੋਰ ਕਲਾਕਾਰਾਂ ਨੂੰ ਨਾਲ ਖੜ੍ਹਨ ਦੀ ਅਪੀਲ ਕੀਤੀ ਕਿ ਸਾਡੇ ਕਲਾਕਾਰ ਭਰਾ ਵੀ ਥੋੜ੍ਹਾ ਨਾਲ ਖੜ੍ਹਿਆ ਕਰੋ। ਅਰਦਾਸ ਕਰਦੇ ਹਾਂ ਕਿ ਰੱਬ ਇਨ੍ਹਾਂ ਲੋਕਾਂ ਨੂੰ ਪਿਆਰ ਕਰਨਾ ਸਿਖਾਵੇ ਤੇ ਇਹ ਨਫਰਤ ਖਤਮ ਹੋਵੇ। ਉਨ੍ਹਾਂ ਲਿਖਿਆ ਕਿ ਕਦੇ ਫਿਰ ਸਹੀ ਤੁਹਾਡੇ ਵਿਚਕਾਰ ਜਲਦ ਹੀ ਸ਼ੋਅ ਲਾਉਣ ਆਵਾਂਗੇ। ਵਾਹਿਗੁਰੂ ਸਮੱਤ ਬਖਸ਼ੇ।
ਹਿੰਦੂ ਸੰਗਠਨਾਂ ਨੇ ਰੋਸ ਵਜੋਂ ਰੈਲੀਆਂ ਕੱਢੀਆਂ ਸਨ
ਦੱਸ ਦੇਈਏ ਕਿ ਨਾਲਾਗੜ੍ਹ ਵਿੱਚ 13 ਤੋਂ 15 ਦਸੰਬਰ ਤੱਕ ਤਿੰਨ ਦਿਨਾਂ ਲਈ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ ਹੋ ਰਿਹਾ ਹੈ। ਇਸ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਹੋਣੇ ਹਨ, ਨਾਲਾਗੜ੍ਹ ਪ੍ਰਸ਼ਾਸਨ ਨੇ 15 ਦਸੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਲਈ ਰਣਜੀਤ ਬਾਵਾ ਨੂੰ ਸ਼ੋਅ ਲਈ ਬੁੱਕ ਕੀਤਾ ਸੀ ਪਰ ਗਾਇਕ ਦੇ ਸ਼ੋਅ ਤੋਂ ਪਹਿਲਾਂ ਹੀ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਸੀ।
ਇਸ ਲਈ ਬਾਵਾ ਦਾ ਸ਼ੋਅ ਕੀਤਾ ਰੱਦ
ਹਿੰਦੂ ਸੰਗਠਨਾਂ ਨੇ ਗਾਇਕ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਸ ਨੇ ਇਕ ਗੀਤ 'ਮੇਰਾ ਕੀ ਕਸੂਰ' 'ਚ ਹਿੰਦੂ ਦੇਵੀ-ਦੇਵਤਿਆਂ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ, ਇਸ ਲਈ ਉਨ੍ਹਾਂ ਨੂੰ ਮੇਲੇ 'ਚ ਨਾ ਬੁਲਾਇਆ ਜਾਵੇ | ਹੁਣ ਉਨ੍ਹਾਂ ਦੀ ਮੰਗ ਨੂੰ ਮੰਨਦਿਆਂ ਪ੍ਰਸ਼ਾਸਨ ਨੇ ਨਾਲਾਗੜ੍ਹ ਦਾ ਮਾਹੌਲ ਖ਼ਰਾਬ ਹੋਣ ਦੇ ਡਰੋਂ ਸ਼ੋਅ ਪਹਿਲਾਂ ਹੀ ਰੱਦ ਕਰ ਦਿੱਤਾ ਹੈ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਰਨਗੇ ਸ਼ੋਅ
ਹੁਣ ਉਨ੍ਹਾਂ ਦੀ ਥਾਂ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਪੇਸ਼ਕਾਰੀ ਕਰਨਗੇ।