ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਗਾਇਕ ਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਵਿੱਚ ਇੱਕ ਸ਼ੋਅ ਹੋਣਾ ਸੀ, ਜੋ ਕਿ ਰੱਦ ਕਰ ਦਿੱਤਾ ਗਿਆ ਹੈ। ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਹੁਣ ਉਨ੍ਹਾਂ ਦੀ ਮੰਗ ਮੰਨ ਲਈ ਹੈ। ਹੁਣ ਗਾਇਕ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਹਿੰਦੂ ਜਥੇਬੰਦੀਆਂ ਨੇ ਨਾਲਾਗੜ੍ਹ ਵਿੱਚ ਰਣਜੀਤ ਬਾਵਾ ਖ਼ਿਲਾਫ਼ ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਸੀ।
ਹਿੰਦੂ ਸੰਗਠਨਾਂ ਨੇ ਰੋਸ ਵਜੋਂ ਰੈਲੀਆਂ ਕੱਢੀਆਂ
ਦੱਸ ਦੇਈਏ ਕਿ ਨਾਲਾਗੜ੍ਹ ਵਿੱਚ 13 ਤੋਂ 15 ਦਸੰਬਰ ਤੱਕ ਤਿੰਨ ਦਿਨਾਂ ਲਈ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ ਹੋ ਰਿਹਾ ਹੈ। ਇਸ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਹੋਣੇ ਹਨ, ਨਾਲਾਗੜ੍ਹ ਪ੍ਰਸ਼ਾਸਨ ਨੇ 15 ਦਸੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਲਈ ਰਣਜੀਤ ਬਾਵਾ ਨੂੰ ਸ਼ੋਅ ਲਈ ਬੁੱਕ ਕੀਤਾ ਸੀ ਪਰ ਗਾਇਕ ਦੇ ਸ਼ੋਅ ਤੋਂ ਪਹਿਲਾਂ ਹੀ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ।
ਇਸ ਲਈ ਬਾਵਾ ਦਾ ਸ਼ੋਅ ਕੀਤਾ ਰੱਦ
ਹਿੰਦੂ ਸੰਗਠਨਾਂ ਨੇ ਗਾਇਕ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਸ ਨੇ ਇਕ ਗੀਤ 'ਮੇਰਾ ਕੀ ਕਸੂਰ' 'ਚ ਹਿੰਦੂ ਦੇਵੀ-ਦੇਵਤਿਆਂ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ, ਇਸ ਲਈ ਉਨ੍ਹਾਂ ਨੂੰ ਮੇਲੇ 'ਚ ਨਾ ਬੁਲਾਇਆ ਜਾਵੇ | ਹੁਣ ਉਨ੍ਹਾਂ ਦੀ ਮੰਗ ਨੂੰ ਮੰਨਦਿਆਂ ਪ੍ਰਸ਼ਾਸਨ ਨੇ ਨਾਲਾਗੜ੍ਹ ਦਾ ਮਾਹੌਲ ਖ਼ਰਾਬ ਹੋਣ ਦੇ ਡਰੋਂ ਸ਼ੋਅ ਪਹਿਲਾਂ ਹੀ ਰੱਦ ਕਰ ਦਿੱਤਾ ਹੈ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਰਨਗੇ ਸ਼ੋਅ
ਹੁਣ ਉਨ੍ਹਾਂ ਦੀ ਥਾਂ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਪੇਸ਼ਕਾਰੀ ਕਰਨਗੇ। ਸ਼ੋਅ ਰੱਦ ਹੋਣ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।