ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸਾਡਾ ਨਾਟ ਘਰ ਵਿਖੇ ਦਰਸ਼ਕਾਂ ਨੂੰ ਇਸ ਹਫ਼ਤੇ ਕਈ ਵਾਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦਾ ਨਾਟਕ “ਚਾਂਦਨੀ ਚੌਂਕ ਤੋਂ ਸਰਹਿੰਦ" ਦਿਖਾਇਆ ਗਿਆ। ਇਹ ਨਾਟਕ ਗੁਰਸ਼ਰਨ ਸਿੰਘ ਦੁਆਰਾ ਲਿਖਿਆ ਗਿਆ ਅਤੇ ਦਲਜੀਤ ਸਿੰਘ ਸੋਨਾ ਨੇ ਨਿਰਦੇਸ਼ਿਤ ਕੀਤਾ | ਇਸ ਨਾਟਕ ਨੂੰ ਦੇਖਕੇ ਜਿੱਥੇ ਦਰਸ਼ਕਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋਈ ਉਥੇ ਹੀ ਇਸ ਨਾਟਕ ਨੂੰ ਦੇਖਣ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ ।
ਇਸ ਨਾਟਕ ਨੂੰ ਮਾਪਿਆਂ ਨੇ ਖਾਸਤੌਰ ਤੇ ਆਪਣੇ ਬੱਚਿਆਂ ਨੂੰ ਦਿਖਾਇਆ । ਨਾਟਕ ਦੇ ਨਾਲ ਨਾਲ ਧਾਰਮਿਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਕਈ ਬੱਚਿਆਂ ਨੇ ਸਿੱਖ ਇਤਿਹਾਸ ਬਾਰੇ ਸਹੀ ਜਵਾਬ ਦੇਕੇ ਇਨਾਮ ਜਿੱਤੇ । ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵੱਜੋਂ ਵਾਰਡ ਨੰਬਰ 41 ਦੇ ਕੌਂਸਲਰ ਮੋਹਨ ਸਿੰਘ ਮਾੜੀਮੇਘਾ ਹਾਜ਼ਿਰ ਰਹੇ ਜਿਨ੍ਹਾਂ ਨੇ ਸਾਡਾ ਨਾਟ ਘਰ ਦੇ ਇਸ ਉਪਰਾਲੇ ਦੀ ਖੂਬ ਸ਼ਲਾਂਘਾ ਕੀਤੀ ।
ਉਹਨਾਂ ਨਾਲ ਖਾਸ ਮਹਿਮਾਨ ਵਜੋਂ ਮੌਜੂਦ ਰਹੇ ਡਾ.ਸਰਬਜੀਤ ਸਿੰਘ ਭੁੱਲਰ ਅਤੇ ਅਮਨਦੀਪ ਸਿੰਘ ( ਪ੍ਰਧਾਨ ਖ਼ਾਲਸਾ ਬਲੱਡ ਡੋਨੇਟ ਸੋਸਾਇਟੀ )। ਸਭ ਮਹਿਮਾਨਾਂ ਦਾ ਇਹੀ ਕਹਿਣਾ ਸੀ ਕਿ ਇਸ ਨਾਟਕ ਨੂੰ ਵੱਧ ਤੋਂ ਵੱਧ ਕਰਵਾਉਣਾ ਚਾਹੀਦਾ ਹੈ ਅਤੇ ਹਰ ਵਾਰਡ ਵਿਚ ਬੱਚਿਆਂ ਲਈ ਇਸ ਨਾਟਕ ਦੇ ਸ਼ੋ ਰੱਖਣੇ ਚਾਹੀਦੇ ਹਨ । ਇਸ ਮੌਕੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਸਾਡਾ ਨਾਟ ਘਰ ਦੀ ਜੂਨੀਅਰ ਟੀਮ ਦੀਆਂ ਪੇਸ਼ਕਾਰੀਆਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ । ਸਾਡਾ ਨਾਟ ਘਰ ਦਾ ਇਹ ਉਪਰਾਲਾ ਦਰਸ਼ਕਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਹੋ ਨਿਬੜਿਆ ।ਆਉਣ ਵਾਲੇ ਸੋਮਵਾਰ 30 ਦਸੰਬਰ ਨੂੰ ਸ਼ਾਮ 5 ਵਜੇ ਮੁਹੰਮਦ ਰਫੀ ਸਹਿਬ ਦੇ ਜੀਵਨ 'ਤੇ ਆਧਾਰਿਤ ਨਾਟਕ 'ਫੀਕੋ' ਪੇਸ਼ ਕੀਤਾ ਜਾਵੇਗਾ।