ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਹੈ। ਬਾਵਾ ਦੇ ਮੈਨੇਜਰ ਮਲਕੀਤ ਸਿੰਘ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਮਗਰੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਰਣਜੀਤ ਬਾਵਾ ਨੂੰ ਪਹਿਲਾਂ ਵੀ ਧਮਕੀ ਭਰੇ ਦੋ ਮੈਸੇਜ ਆਏ ਸਨ। ਇੱਕ ਵਿੱਚ 1 ਕਰੋੜ ਰੁਪਏ ਅਤੇ ਦੂਜੇ ਵਿੱਚ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਕਿ ਜੇਕਰ ਉਸ ਨੇ ਫਿਰੌਤੀ ਦੀ ਰਕਮ ਨਾ ਅਦਾ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪੁਲਸ ਨੇ ਗਾਇਕ ਦੀ ਸੁਰੱਖਿਆ ਵਧਾ ਦਿੱਤੀ
ਮਲਕੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬਾਵਾ ਨੂੰ 14 ਨਵੰਬਰ ਨੂੰ ਉਸ ਦੇ ਮੋਹਾਲੀ ਸਥਿਤ ਘਰ 'ਤੇ 447585019808 'ਤੇ ਵਟਸਐਪ ਕਾਲ ਆਈ, ਜਿਸ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੱਤਾ। ਬਾਅਦ ਵਿੱਚ, ਉਸੇ ਨੰਬਰ ਤੋਂ ਇੱਕ ਆਡੀਓ ਮੈਸੇਜ ਆਇਆ, ਜਿਸ ਵਿੱਚ ਧਮਕੀ ਦਿੱਤੀ ਗਈ ਕਿ ਜੇਕਰ ਫਿਰੌਤੀ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਭਰੀ ਕਾਲ ਤੋਂ ਬਾਅਦ ਗਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।