ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਕਸ਼ਮੀਰ ਜ਼ੋਨ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਗਠਨ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਇੱਥੇ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅੱਤਵਾਦੀਆਂ ਨੇ ਕਿਸ਼ਤਵਾੜ ਦੇ ਅਧਵਾੜੀ ਇਲਾਕੇ 'ਚ ਦੋ ਗ੍ਰਾਮ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ ਸੀ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ, ਪਿੰਡ ਓਹਲੀ-ਕੁੰਟਵਾੜਾ ਦੇ ਸੁਰੱਖਿਆ ਗਾਰਡ ਵਜੋਂ ਹੋਈ।
ਕਸ਼ਮੀਰ ਟਾਈਗਰਜ਼ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਸ਼ਮੀਰ ਟਾਈਗਰਜ਼ ਗਰੁੱਪ ਨੇ ਪਿੰਡ ਦੇ ਗਾਰਡ 'ਤੇ ਹਮਲੇ ਅਤੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਕਸ਼ਮੀਰ ਟਾਈਗਰਜ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਰੱਖਿਆ ਗਾਰਡਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਦੋਵਾਂ ਦੇ ਮੂੰਹ 'ਚੋਂ ਖੂਨ ਵਹਿ ਰਿਹਾ ਸੀ। ਦੋਹਾਂ ਦੀਆਂ ਅੱਖਾਂ 'ਤੇ ਪੱਟੀ ਵੀ ਬੰਨ੍ਹੀ ਹੋਈ ਸੀ। ਪੋਸਟ ਵਿੱਚ ਲਿਖਿਆ ਹੈ- ਕਸ਼ਮੀਰ ਦੀ ਆਜ਼ਾਦੀ ਤੱਕ ਇਹ ਜੰਗ ਜਾਰੀ ਰਹੇਗੀ।