ਜਲੰਧਰ/ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਤਹਿਤ 2 ਤੇ 3 ਦਸੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸ਼ਨੀਵਾਰ ਤੇ ਐਤਵਾਰ ਨੂੰ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਨੈਕਾਰਾਂ ਕੋਲੋਂ ਦਾਅਵੇ ਤੇ ਇਤਰਾਜ਼ਾਂ ਦੇ ਫਾਰਮ ਪ੍ਰਾਪਤ ਕਰਨਗੇ।
ਵੋਟਰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰ ਸਕਦੇ ਹਨ
ਬੀ.ਐਲ.ਓਜ਼ ਕੋਲ ਵੋਟਰ ਸੂਚੀਆਂ ਮੌਜੂਦ ਹੋਣਗੀਆਂ, ਜਿਨ੍ਹਾਂ ਰਾਹੀਂ ਵੋਟਰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦਾ ਸੂਚੀ ਵਿੱਚ ਨਾਂ ਨਹੀਂ ਹੈ ਜਾਂ ਵੇਰਵੇ ਗਲਤ ਹਨ ਜਾਂ ਪਤਾ ਬਦਲਣ ਦੀ ਸੂਰਤ ਵਿੱਚ, ਉਹ ਕੈਂਪ ਦੌਰਾਨ ਲੋੜੀਂਦਾ ਫਾਰਮ ਭਰ ਸਕਦਾ ਹੈ।
ਫਾਰਮਾਂ ਬਾਰੇ ਜਾਣਕਾਰੀ
ਡੀ ਸੀ ਸਾਰੰਗਲ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਂ ਸ਼ਾਮਲ ਕਰਨ ਲਈ ਫਾਰਮ ਨੰ. 6, ਨਾਂ ਤੇ ਇਤਰਾਜ਼ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਲਈ ਫਾਰਮ ਨੰ. 7, ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁੱਸਤੀ, ਰਿਹਾਇਸ਼ ਤਬਦੀਲੀ, ਦਿਵਿਆਂਗਾਂ ਵਜੋਂ ਮਾਰਕਿੰਗ ਲਈ ਅਤੇ ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਲਈ ਫਾਰਮ ਨੰ. 8, ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ.6-ਬੀ ਭਰ ਕੇ ਬੀ.ਐਲ.ਓਜ਼ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ।
ਵੋਟਰ ਹੈਲਪਲਾਈਨ ਐਪ
ਇਹ ਫਾਰਮ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਹੈਲਪਲਾਈਨ ਐਪ (VHA) ਡਾਊਨਲੋਡ ਕਰ ਕੇ ਜਾਂ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (www.nvsp.in) ’ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਫਾਰਮ ਭਰਨ ਸਬੰਧੀ ਜਾਣਕਾਰੀ ਵੋਟਰ ਹੈਲਪਲਾਈਨ ਨੰ. 1950 ’ਤੇ ਕਾਲ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਬਣਨ ਲਈ ਹੁਣ ਸਾਲ ਵਿੱਚ ਇਕ ਦੀ ਬਜਾਏ ਚਾਰ ਮੌਕੇ ਦਿੱਤੇ ਜਾ ਰਹੇ ਹਨ ਭਾਵ ਅਗਲੇ ਸਾਲ ਵਿੱਚ ਚਾਰ ਤਿਮਾਹੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਇਸ ਮੁਹਿੰਮ ਦੌਰਾਨ ਅਗਾਊਂ ਤੌਰ ’ਤੇ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫਾਰਮ ਉਸੇ ਤਿਮਾਹੀ ਵਿੱਚ ਵਿਚਾਰਿਆ ਜਾਵੇਗਾ, ਜਿਸ ਤਿਮਾਹੀ ਵਿੱਚ ਬਿਨੈਕਾਰ ਦੀ ਉਮਰ 18 ਪੂਰੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਯੋਗ ਨਾਗਰਿਕਾਂ ਖਾਸ ਕਰ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਬਾਲਗ ਵਿਅਕਤੀ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਂ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ।