ਖਬਰਿਸਤਾਨ ਨੈੱਟਵਰਕ- ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ, ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਖੁੱਲ੍ਹਣ ਜਾ ਰਹੇ ਹਨ। ਜਿਸ ਤੋਂ ਪਹਿਲਾਂ ਗੋਵਿੰਦਘਾਟ, ਘਾਂਘਰੀਆ ਗੁਰਦੁਆਰਾ ਸਾਹਿਬ ਦੀ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਰਿਸ਼ੀਕੇਸ਼ ਤੋਂ ਸੰਗਤਾਂ ਦਾ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ ।
60 ਹਜ਼ਾਰ ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ
ਜੇਕਰ ਸੰਗਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਮੁਤਾਬਕ 60 ਹਜ਼ਾਰ ਸ਼ਰਧਾਲੂ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ ਤੇ ਹੇਮਕੁੰਟ ਸਾਹਿਬ ਤੱਕ ਰਸਤੇ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਤੀਰਥ ਯਾਤਰੀਆਂ ਲਈ ਲੰਗਰ, ਰਹਿਣ ਦੀ ਵਿਵਸਥਾ ਲਈ ਵੀ ਸੇਵਾਦਾਰ ਗੋਵਿੰਦਘਾਟ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਹੋ ਗਏ ਹਨ।
ਸ਼ਰਧਾਲੂਆਂ ਦਾ ਰੱਖਿਆ ਜਾਵੇਗਾ ਖਾਸ ਖਿਆਲ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਤਰਾਖੰਡ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਦੇ ਸਫਲ ਆਯੋਜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਰਸਤਿਆਂ ਦੀ ਸਫਾਈ, ਚਕਿਤਸਾ ਸਹੂਲਤਾਂ, ਪੀਣ ਵਾਲਾ ਪਾਣੀ ਤੇ ਠਹਿਰਣ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ। ਯਾਤਰਾ ਰਸਤੇ ‘ਤੇ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।
18 ਕਿਲੋਮੀਟਰ ਦਾ ਪੈਦਲ ਰਸਤਾ
ਹੇਮਕੁੰਟ ਸਾਹਿਬ ਸਿੱਖ ਇਤਿਹਾਸ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ। ਸਮੁੰਦਰ ਤਲ ਤੋਂ ਲਗਭਗ 15,000 ਫੁੱਟ ਦੀ ਉਚਾਈ 'ਤੇ ਸਥਿਤ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਔਖਾ ਸਫ਼ਰ ਹੈ। ਹੇਮਕੁੰਟ ਸਾਹਿਬ ਯਾਤਰਾ ਦਾ ਰਸਤਾ ਗੋਬਿੰਦਘਾਟ ਤੋਂ ਸ਼ੁਰੂ ਹੁੰਦਾ ਹੈ ਅਤੇ ਘੰਗਰੀਆ ਰਾਹੀਂ ਹੇਮਕੁੰਟ ਜਾਂਦਾ ਹੈ। ਇਹ ਲਗਭਗ 18 ਕਿਲੋਮੀਟਰ ਦਾ ਪੈਦਲ ਰਸਤਾ ਹੈ।