ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਗਰਮੀ ਵਦਣੀ ਸ਼ੁਰੂ ਹੋ ਗਈ ਹੈ। ਇਸ ਕਾਰਣ ਹੁਣ ਸਰਕਾਰੀ ਹਸਪਤਾਲਾਂ ਦਾ ਸਮਾਂ 16 ਅਪ੍ਰੈਲ ਯਾਨੀ ਬੁੱਧਵਾਰ ਤੋਂ ਬਦਲ ਜਾਵੇਗਾ। ਇਸ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਸਿਹਤ ਕੇਂਦਰ, ਆਮ ਆਦਮੀ ਕਲੀਨਿਕ, ਆਯੁਸ਼ਮਾਨ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ ਈਐਸਆਈ ਹਸਪਤਾਲ ਸ਼ਾਮਲ ਹਨ। ਸਰਕਾਰੀ ਹਸਪਤਾਲਾਂ ਦਾ ਇਹ ਸਮਾਂ 15 ਅਕਤੂਬਰ ਤੱਕ ਲਾਗੂ ਰਹੇਗਾ।
ਹਰ ਸਾਲ ਸਮਾਂ ਹੁੰਦੈ ਚੇਂਜ
ਹਰ ਸਾਲ ਗਰਮੀਆਂ ਦੇ ਮੌਸਮ ਵਿਚ ਸਮੇਂ ਵਿਚ ਬਦਲਾਅ ਕੀਤਾ ਜਾਂਦਾ ਹੈ ਤਾਂ ਜੋ ਲੋਕ ਸਵੇਰੇ ਆਸਾਨੀ ਨਾਲ ਹਸਪਤਾਲਾਂ ਤੱਕ ਪਹੁੰਚ ਸਕਣ ਅਤੇ ਆਪਣਾ ਇਲਾਜ ਕਰਵਾ ਸਕਣ। ਰਜਿਸਟ੍ਰੇਸ਼ਨ ਕਾਊਂਟਰ ਦੀ ਗੱਲ ਕਰੀਏ ਤਾਂ ਉਹ ਹਸਪਤਾਲ ਖੁੱਲ੍ਹਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ, ਤਾਂ ਜੋ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਸਮੇਂ ਉਤੇ ਆਪਣੇ ਟੈਸਟ ਅਤੇ ਇਲਾਜ ਆਰਾਮ ਨਾਲ ਕਰਵਾ ਸਕਣ।
ਐਮਰਜੈਂਸੀ ਸੇਵਾਵਾਂ 24 ਘੰਟੇ ਰਹਿਣਗੀਆਂ ਜਾਰੀ
ਇਹ ਵੀ ਦੱਸ ਦੇਈਏ ਕਿ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ 24 ਘੰਟੇ ਜਾਰੀ ਰਹਿਣਗੀਆਂ ਤੇ ਹਸਪਤਾਲਾਂ ਦੇ ਅੰਦਰ ਦਫ਼ਤਰੀ ਕੰਮ ਵੀ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ।