ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਵਿੱਚ ਇੱਕ ਨੌਜਵਾਨ ਨੇ ਆਪਣੇ ਮੂੰਹ ਵਿੱਚ ਸੂਤਲੀ ਬੰਬ ਰੱਖ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ 34 ਸਾਲਾ ਹਿਮਾਂਸ਼ੂ ਗੋਇਲ ਵਜੋਂ ਹੋਈ ਹੈ।
ਬਾਹਰੋਂ ਧਮਾਕੇ ਦੀ ਆਵਾਜ਼ ਆਈ
ਮ੍ਰਿਤਕ ਦੀ ਭੈਣ ਦਾ ਅਜੇ ਤਿੰਨ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਅਤੇ ਉਹ ਘਰ ਵਿਚ ਇਕੱਲੇ ਰਹਿ ਰਹੇ ਸਨ। ਪਿਤਾ ਦਾ ਪਹਿਲਾ ਹੀ ਦੇਹਾਂਤ ਹੋ ਚੁਕਿਆ ਹੈ। ਮਾਤਾ ਸੇਵਾਮੁਕਤ ਅਧਿਆਪਕ ਹੈ। ਦੁਪਹਿਰ ਨੂੰ ਜਦੋਂ ਮਾਂ ਬਾਥਰੂਮ ਗਈ ਤਾਂ ਨੌਜਵਾਨ ਨੇ ਬਾਥਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਬਾਹਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ, ਜਿਸ ਕਾਰਨ ਉਸ ਦੀ ਮਾਂ ਡਰ ਗਈ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਬਾਥਰੂਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਨਹੀਂ ਆ ਸਕੀ।
ਭੈਣ ਭਰਾ ਨੂੰ ਮਿਲਣ ਪਹੁੰਚੀ ਘਰ
ਇਸ ਦੌਰਾਨ ਉਸ ਦੀ ਭੈਣ ਆਪਣੀ ਮਾਂ ਅਤੇ ਭਰਾ ਨੂੰ ਮਿਲਣ ਲਈ ਘਰ ਪਹੁੰਚੀ, ਹਾਲਾਂਕਿ ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਵਾਜ਼ ਸੁਣ ਕੇ ਗੁਆਂਢੀਆਂ ਨੇ ਆ ਕੇ ਦਰਵਾਜ਼ਾ ਤੋੜਿਆ ਅਤੇ ਅੰਦਰ ਗਏ। ਜਦ ਉਹ ਘਰ ਦੇ ਅੰਦਰ ਪਹੁੰਚੇ ਤਾਂ ਦੇਖਿਆ ਕਿ ਹਰ ਪਾਸੇ ਖੂਨ ਹੀ ਖੂਨ ਫੈਲਿਆ ਹੋਇਆ ਸੀ।
ਨੌਜਵਾਨ ਕਾਫੀ ਸਮੇਂ ਤੋਂ ਤਣਾਅ ਵਿਚ ਸੀ
ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਜਾਂਚ ਮੁਤਾਬਕ ਨੌਜਵਾਨ ਦਾ 5 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਤਣਾਅ 'ਚ ਸੀ। ਪੁਲਿਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਉਥੇ ਹੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।