ਛੱਤੀਸਗੜ੍ਹ ਵਿਚ ਹਾਥੀਆਂ ਦੇ ਹਮਲੇ ਕਾਰਣ ਦੋ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਇਹ ਮਾਮਲਾ ਸੂਰਜਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਹਾਥੀ ਦੇ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਘਟਨਾ ਸੂਰਜਪੁਰ ਦੇ ਪ੍ਰੇਮਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਹਾੜ 'ਤੇ ਝੌਂਪੜੀ 'ਚ ਰਹਿ ਰਿਹਾ ਪਰਿਵਾਰ ਸੌਂ ਰਿਹਾ ਸੀ। ਅਚਾਨਕ ਹੋਏ ਹਮਲੇ ਕਾਰਨ ਮਾਪਿਆਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਤਾਂ ਬਚਾਈ, ਪਰ ਆਪਣੇ ਦੋਵੇਂ ਬੱਚਿਆਂ ਨੂੰ ਨਹੀਂ ਬਚਾ ਸਕੇ।
ਵਣ ਮੰਡਲ ਦੇ ਪ੍ਰੇਮਨਗਰ ਵਿੱਚ ਸਥਿਤ ਗ੍ਰਾਮ ਪੰਚਾਇਤ ਮਹੇਸ਼ਪੁਰ ਦੇ ਇੱਕ ਆਸ਼ਰਿਤ ਪਿੰਡ ਚਿਤਖਾਈ ਨਾਲ ਸਬੰਧਤ ਹੈ। ਪਾਂਡੋ ਪਰਿਵਾਰ ਜੰਗਲ ਵਿੱਚ ਝੌਂਪੜੀ ਬਣਾ ਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਬੀਖੋ ਪਾਂਡੋ ਰਾਤ ਕਰੀਬ 1 ਵਜੇ ਆਪਣੇ ਪਰਿਵਾਰ ਨਾਲ ਝੌਂਪੜੀ ਵਿੱਚ ਸੌਂ ਰਿਹਾ ਸੀ। ਇਸ ਦੌਰਾਨ 11 ਹਾਥੀਆਂ ਦਾ ਝੁੰਡ ਉਸ ਦੀ ਝੌਂਪੜੀ ਦੇ ਨੇੜੇ ਪਹੁੰਚ ਗਿਆ। ਬੀਖੋ ਪਾਂਡੋ ਆਪਣੀ ਪਤਨੀ ਤੇ 3 ਬੱਚਿਆਂ ਸਮੇਤ ਭੱਜਣ ਵਿਚ ਕਾਮਯਾਬ ਹੋ ਗਿਆ ਪਰ 2 ਬੱਚੇ ਸੌਂ ਰਹੇ ਸਨ ਤੇ ਉਹ ਉਨ੍ਹਾਂ ਨੂੰ ਬਚਾਅ ਨਹੀਂ ਸਕਿਆ।
ਜਦੋਂ ਹਾਥੀਆਂ ਨੇ ਝੌਂਪੜੀ ਨੂੰ ਢਾਹੁਣਾ ਸ਼ੁਰੂ ਕੀਤਾ ਤਾਂ ਬੱਚੇ ਜਾਗੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਾਥੀ ਝੌਂਪੜੀ ਨੂੰ ਤਬਾਹ ਕਰਦੇ ਹੋਏ ਅੰਦਰ ਵੜ ਗਏ। ਅਤੇ ਦੋਵਾਂ ਬੱਚਿਆਂ ਨੂੰ ਲਤਾੜ ਦਿੱਤਾ, ਜਿਸ ਕਾਰਣ ਦੋਵੇਂ ਬੱਚਿਆਂ ਦੀ ਮੌਤ ਹੋ ਗਈ।