ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਮੌਸਮ ਦਾ ਮਿਜ਼ਾਜ਼ ਲਗਾਤਾਰ ਬਦਲ ਰਿਹਾ ਹੈ, ਬੀਤੇ ਦਿਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਲੋਂ 2 ਦਿਨ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ, ਸ਼ੁੱਕਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪਰ ਸੰਗਰੂਰ ਵਿੱਚ ਤੇਜ਼ ਹਵਾਵਾਂ ਕਾਰਣ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ, ਜਿਥੇ ਇੱਕ ਟਾਵਰ ਡਿੱਗਣ ਕਾਰਨ 4-5 ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਤੇ ਕਈ ਸੜਕਾਂ 'ਤੇ ਦਰੱਖਤ ਵੀ ਡਿੱਗ ਗਏ।
ਦੱਸ ਦੇਈਏ ਕਿ ਅੱਜ ਵੀ ਮੀਂਹ ਨੂੰ ਲੈ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ।
ਮੀਂਹ ਪੈਣ ਦੇ ਬਾਵਜੂਦ ਕਈ ਜ਼ਿਲਿਆਂ ਦਾ ਟੈਂਪਰੇਚਰ ਲਗਾਤਾਰ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਗਰਮੀ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ।
ਬਠਿੰਡਾ ਸਭ ਤੋਂ ਗਰਮ
ਉਥੇ ਹੀ ਬਠਿੰਡਾ ਲਗਾਤਾਰ ਤਪ ਰਿਹਾ ਹੈ, ਜਿਸ ਦਾ ਤਾਪਮਾਨ 42 ਡਿਗਰੀ ਤੋਂ ਪਾਰ ਪੁੱਜ ਗਿਆ ਹੈ, ਜੋ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਗਰਮ ਜ਼ਿਲਾ ਹੈ। ਲੁਧਿਆਣਾ ਵਿੱਚ ਤਾਪਮਾਨ 39.0 ਡਿਗਰੀ, ਪਟਿਆਲਾ ਵਿੱਚ 38.8 ਡਿਗਰੀ ਅਤੇ ਮੋਗਾ 'ਚ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ।
ਮੋਗਾ ਵਿੱਚ 4 ਮਿਲੀਮੀਟਰ ਮੀਂਹ
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਆਰੇਂਜ ਅਲਰਟ ਦੌਰਾਨ ਮੋਗਾ ਵਿੱਚ 4 ਮਿਲੀਮੀਟਰ, ਲੁਧਿਆਣਾ ਵਿੱਚ 2 ਮਿਲੀਮੀਟਰ ਅਤੇ ਫਿਰੋਜ਼ਪੁਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਅੱਜ ਵੀ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਤਹਿਤ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।