ਜਲੰਧਰ ਤੋਂ ਪਠਾਨਕੋਟ ਨੂੰ ਜਾਂਦੇ ਸਮੇਂ ਕਿਸ਼ਨਗੜ੍ਹ ਨੇੜੇ ਸੜਕ ਦੇ ਵਿਚਕਾਰ ਗੰਨੇ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਦੇ ਪਲਟ ਜਾਣ ਕਾਰਨ ਭਾਰੀ ਜਾਮ ਲੱਗ ਗਿਆ ਹੈ। ਟਰਾਲੀ ਦੇ ਪਲਟਣ ਕਾਰਨ ਕਿਸ਼ਨਗੜ੍ਹ ਤੋਂ ਅਲਾਵਲਪੁਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਕਰੀਬ 5 ਕਿਲੋਮੀਟਰ ਤੱਕ ਸੜਕ 'ਤੇ ਭਾਰੀ ਜਾਮ ਲੱਗਾ ਹੋਇਆ ਹੈ। ਇਸ ਦੌਰਾਨ ਕਈ ਲੋਕ ਡਿਵਾਈਡਰ ਉਤੋਂ ਆਪਣੇ ਵਾਹਨਾਂ ਨੂੰ ਚੜ੍ਹਾ ਕੇ ਦੂਜੇ ਪਾਸੇ ਜਾਂਦੇ ਦੇਖੇ ਗਏ ਅਤੇ ਕਈ ਲੋਕ ਜਲਦੀ ਬਾਹਰ ਨਿਕਲਣ ਲਈ ਆਪਸ 'ਚ ਲੜਦੇ ਵੀ ਦੇਖੇ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਟਰੈਕਟਰ ਟਰਾਲੀ ਨੂੰ ਇਕ ਪਾਸੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਦੋਵੇਂ ਪਾਸੇ ਤੋਂ ਵਾਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।