ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਸੋਢਲ ਦੇ ਲਾਠੀਮਾਰ ਮੁਹੱਲੇ ਵਿੱਚ ਇੱਕ ਨੌਜਵਾਨ 'ਤੇ ਗੋਲੀਆਂ ਚਲਾਉਣ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ ਦੇਸੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਅਮਨ ਪਾਸਵਾਨ ਅਤੇ ਰਾਘਵ ਵਜੋਂ ਹੋਈ ਹੈ, ਪੁਲਸ ਨੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋਵਾਂ ਦਾ 4 ਦਿਨ ਦਾ ਰਿਮਾਂਡ ਲੈ ਲਿਆ ਹੈ।
ਦੋਸਤਾਂ ਨੇ ਹੀ ਕੀਤਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ
ਐਸ ਪੀ ਆਕਰਸ਼ੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਇੱਕ-ਇੱਕ ਮਾਮਲਾ ਦਰਜ ਹੈ। ਇਸ ਦੇ ਨਾਲ ਹੀ ਤੀਜੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੁਰਾਣੀ ਰੰਜਿਸ਼ ਕਾਰਨ ਇਹ ਜੁਰਮ ਕੀਤਾ ਸੀ। ਮੁਲਜ਼ਮ ਰਾਹੁਲ ਦੇ ਦੋਸਤ ਹਨ ਅਤੇ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਵਾਪਰੀ ਘਟਨਾ ਦਾ ਬਦਲਾ ਲਿਆ ਹੈ।
1 ਸਾਲ ਪੁਰਾਣੇ ਝਗੜੇ ਦਾ ਬਦਲਾ
ਦਰਅਸਲ, ਇੱਕ ਸਾਲ ਪਹਿਲਾਂ ਰਾਹੁਲ ਦੀ ਅਮਨ ਅਤੇ ਉਸਦੇ ਛੋਟੇ ਭਰਾ ਵਿੱਕੀ ਨਾਲ ਲੜਾਈ ਹੋਈ ਸੀ। ਜਿਸ ਵਿੱਚ ਰਾਹੁਲ ਨੇ ਦੋਵਾਂ ਨੂੰ ਕੁੱਟਿਆ ਸੀ ਅਤੇ ਉਨ੍ਹਾਂ ਦੇ ਮੂੰਹ 'ਤੇ ਪਿਸ਼ਾਬ ਕੀਤਾ ਸੀ। ਜਿਸ ਦਾ ਬਦਲਾ ਲੈਣ ਲਈ ਅਮਨ ਪਾਸਵਾਨ ਨੇ ਇਹ ਜੁਰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅਮਨ ਪਾਸਵਾਨ ਡਕੈਤੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਗਿਆ ਸੀ।
ਯੂ ਪੀ ਤੋਂ ਲਿਆਂਦਾ ਸੀ ਦੇਸੀ ਕੱਟਾ
ਉਹ ਲਗਭਗ 6 ਮਹੀਨੇ ਪਹਿਲਾਂ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਸ ਨੇ ਰਾਹੁਲ ਨੂੰ ਮਾਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਯੋਜਨਾ ਦੇ ਹਿੱਸੇ ਵਜੋਂ, ਉਹ 6 ਮਹੀਨੇ ਪਹਿਲਾਂ ਯੂਪੀ ਤੋਂ 30 ਹਜ਼ਾਰ ਰੁਪਏ ਵਿੱਚ ਇੱਕ ਦੇਸੀ ਕੱਟਾ ਲੈ ਕੇ ਆਇਆ ਸੀ। ਉਦੋਂ ਤੋਂ ਉਹ ਰਾਹੁਲ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਰਾਹੁਲ ਜ਼ਿਆਦਾਤਰ ਆਪਣੇ ਦੋਸਤਾਂ ਨਾਲ ਹੀ ਰਹਿੰਦਾ ਸੀ।
ਤੀਜੇ ਦੋਸ਼ੀ ਦੀ ਭਾਲ
ਮੰਗਲਵਾਰ ਰਾਤ ਨੂੰ ਅਮਨ ਪਾਸਵਾਨ ਦੇ ਸਾਥੀਆਂ ਨੇ ਰਾਹੁਲ ਦੇ ਇਲਾਕੇ ਦੀ ਰੇਕੀ ਵੀ ਕੀਤੀ, ਜਿਸ ਤੋਂ ਬਾਅਦ ਰਾਹੁਲ ਨੂੰ ਮਾਰਨ ਦੀ ਪੂਰੀ ਯੋਜਨਾ ਤਿਆਰ ਕੀਤੀ ਗਈ ਅਤੇ ਫਿਰ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਤੀਜੇ ਦੋਸ਼ੀ ਦੀ ਭਾਲ ਵਿੱਚ ਪੁਲਿਸ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।