ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਸੋਨੂੰ ਕਲਿਆਣ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਗਿਆ। ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਸਿਆਸਤ ਛੱਡਣ ਲਈ ਕਿਹਾ। ਇਹ ਘਟਨਾ 4 ਦਿਨ ਪਹਿਲਾਂ ਹੈਬੋਵਾਲ ਦੇ ਗੋਪਾਲ ਨਗਰ ਦੀ ਹੈ। ‘ਆਪ’ ਆਗੂ ਸੋਨੂੰ ਕਲਿਆਣ ਨੇ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਰਾਜਨੀਤੀ ਛੱਡਣ ਲਈ ਕਿਹਾ
‘ਆਪ’ ਆਗੂ ਸੋਨੂੰ ਕਲਿਆਣ ਨੇ ਦੱਸਿਆ ਕਿ 10 ਅਕਤੂਬਰ ਦੀ ਸ਼ਾਮ ਨੂੰ ਉਹ ਆਪਣੇ ਪਾਰਟੀ ਦਫ਼ਤਰ ਦੇ ਬਾਹਰ ਦੋਸਤਾਂ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ 10-12 ਵਿਅਕਤੀ ਆਏ ਅਤੇ ਉਸ ਦੇ ਸਿਰ 'ਤੇ ਪਿਸਤੌਲ ਤਾਣ ਕੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਕਾਰ ਵਿਚ ਬਿਠਾ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਧਮਕੀ ਦਿੱਤੀ ਅਤੇ ਰਾਜਨੀਤੀ ਛੱਡਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਥੇ ਹੋਣ ਵਾਲੇ ਪ੍ਰੋਗਰਾਮ 'ਚ ਅਸੀਂ ਜੋ ਵੀ ਕਹਿ ਰਹੇ ਹਾਂ, ਉਹ ਉਹੀ ਬੋਲੇ। ਇਸ ਤੋਂ ਬਾਅਦ ਉਸ ਨੂੰ ਜੂਠੇ ਗਲਾਸ 'ਚ ਸ਼ਰਾਬ ਪਿਲਾ ਦਿੱਤੀ ਅਤੇ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ।
ਪੁਲਸ ਸੀਸੀਟੀਵੀ ਫੁਟੇਜ ਖੰਗਾਲ ਰਹੀ
ਇਸ ਮਾਮਲੇ ਵਿੱਚ ਹੈਬੋਵਾਲ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ‘ਆਪ’ ਆਗੂ ਸੋਨੂੰ ਕਲਿਆਣ ਨੇ ਸ਼ਿਕਾਇਤ ਦਿੱਤੀ ਹੈ ਪਰ ਅਜੇ ਤੱਕ ਬਿਆਨ ਦਰਜ ਨਹੀਂ ਕੀਤੇ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।