ਅੱਜ ਕੱਲ੍ਹ ਲਗਭਗ ਹਰ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਾ ਹੈ। ਪੁਲਸ ਵਾਲੇ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ, ਉਹ ਵੀ ਵਰਦੀ ਵਿੱਚ ਡਾਂਸ ਆਦਿ ਦੀਆਂ ਵੀਡੀਓ ਬਣਾ ਕੇ ਅਪਲੋਡ ਕਰਦੇ ਰਹਿੰਦੇ ਹਨ, ਜਿਸ ਕਾਰਨ ਆਮ ਲੋਕ ਵੀ ਪੁਲਸ ਦੀ ਵਰਦੀ ਪਾ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਰਹੇ ਹਨ।
ਇਨ੍ਹਾਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਦਫ਼ਤਰ ਨੇ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਵਿੰਗ ਨੂੰ ਸੌਂਪ ਦਿੱਤੀ ਹੈ। ਜੋ ਅਜਿਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪਛਾਣ ਕਰ ਕੇ ਕਾਰਵਾਈ ਕਰੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪੁਲਸ ਦੀ ਵਰਦੀ ਪਾ ਕੇ ਵੀਡੀਓ ਪੋਸਟ ਕਰਨ ਵਾਲੇ ਆਮ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਸਾਈਬਰ ਵਿੰਗ ਕਰੇਗਾ ਜਾਂਚ
ਸਾਈਬਰ ਵਿੰਗ ਇਸ ਦੀ ਜਾਂਚ ਕਰੇਗਾ ਅਤੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਪਲੋਡ ਕਰਨ ਵਾਲੇ ਕਰਮਚਾਰੀਆਂ ਦੀ ਸੂਚੀ ਤਿਆਰ ਕਰੇਗਾ। ਉਸ ਤੋਂ ਬਾਅਦ ਇਹ ਸੂਚੀ ਡੀਜੀਪੀ ਨੂੰ ਸੌਂਪੀ ਜਾਵੇਗੀ ਅਤੇ ਅਗਲਾ ਫੈਸਲਾ ਡੀਜੀਪੀ ਵੱਲੋਂ ਲਿਆ ਜਾਵੇਗਾ।
ਪੇਜ ਨੂੰ ਬੰਦ ਕਰਨ ਦਾ ਆਦੇਸ਼
ਡੀਜੀਪੀ ਨੇ ਸੋਸ਼ਲ ਮੀਡੀਆ 'ਤੇ ਨੱਚਣ-ਗਾਉਣ ਦੀਆਂ ਵੀਡੀਓਜ਼ ਅਪਲੋਡ ਕਰਨ ਵਾਲੇ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਪੇਜ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਵਰਦੀ ਦਾ ਆਪਣਾ ਰੁਤਬਾ ਹੈ, ਵਰਦੀ ਵਿਚ ਇਸ ਤਰ੍ਹਾਂ ਦੀਆਂ ਊਟ-ਪਟਾਂਗ ਹਰਕਤਾਂ ਸ਼ੋਭਾ ਨਹੀਂ ਦਿੰਦੀਆਂ।