ਫਰੀਦਕੋਟ 'ਚ ਦੀਪ ਸਿੱਧੂ ਦੇ ਕਰੀਬੀ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ 'ਚ ਖੁਲਾਸਾ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਇਸ ਕਤਲ ਕੇਸ 'ਚ ਡ੍ਰਿਬੂਗੜ੍ਹ ਜੇਲ੍ਹ 'ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਇਸ ਕਤਲ ਦਾ ਮਾਸਟਰਮਾਈਂਡ ਅਰਸ਼ ਡੱਲਾ ਹੈ।
3 ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਡੀਜੀਪੀ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਇਸ ਮਾਮਲੇ ਵਿੱਚ ਪੂਰੀ ਯੋਜਨਾ ਹੈ। ਇਸ ਮਾਮਲੇ 'ਚ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ 3 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਅੱਗੇ ਆਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਬਿਲਾਲ ਅਹਿਮਦ ਉਰਫ ਫੌਜੀ, ਗੁਰਦੀਪ ਸਿੰਘ ਉਰਫ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ ਝੰਡੂ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਵਿਅਕਤੀ ਇੱਕ ਰੇਕੀ ਕਰਨ ਵਾਲੇ ਗਰੁੱਪ ਦਾ ਹਿੱਸਾ ਸਨ ਜਿਸ ਨੂੰ ਕੈਨੇਡਾ ਸਥਿਤ ਕਰਮਵੀਰ ਸਿੰਘ ਉਰਫ ਗੋਰਾ ਵੱਲੋਂ ਹੈਂਡਲ ਕੀਤਾ ਜਾ ਰਿਹਾ ਸੀ।
ਪਹਿਲਾਂ ਕੀਤੀ ਰੇਕੀ ਫਿਰ ਦਿੱਤਾ ਘਟਨਾ ਨੂੰ ਅੰਜਾਮ
ਇਸ ਮਾਮਲੇ 'ਚ ਪਹਿਲਾਂ ਸਿੱਧੂ ਮੂਸੇਵਾਲਾ ਵਾਂਗ ਰੇਕੀ ਕੀਤੀ ਗਈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੁਰਪ੍ਰੀਤ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੰਚਾਇਤੀ ਚੋਣਾਂ ਦਾ ਪ੍ਰਚਾਰ ਕਰ ਵਾਪਸ ਪਰਤ ਰਹੇ ਸਨ
ਦੱਸ ਦੇਈਏ ਕਿ ਗੁਰਪ੍ਰੀਤ ਦਾ ਕਤਲ 9 ਅਕਤੂਬਰ ਨੂੰ ਹੋਇਆ ਸੀ। ਫਰੀਦਕੋਟ ਦੇ ਹਰੀ ਨੌ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ (32) ਆਪਣੇ ਸਮਰਥਕਾਂ ਨਾਲ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।
ਡੀਜੀਪੀ ਅਨੁਸਾਰ ਜਾਂਚ ਦੌਰਾਨ ਕਈ ਤੱਥ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ। ਤਫ਼ਤੀਸ਼ ਦੌਰਾਨ ਦਰਜ ਹੋਏ ਕੁਝ ਬਿਆਨਾਂ ਅਨੁਸਾਰ ਇਹ ਕਤਲ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਕੀਤੀ ਗਈ ਸੀ । ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤੇ ਹਮਲਾਵਰਾਂ ਦੀ ਆਵਾਜਾਈ ਦੇ ਰੂਟ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੇਖੀ ਗਈ।
ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਡੂੰਘਾਈ ਨਾਲ ਜਾਂਚ ਕਰਦੇ ਹੋਏ 125 ਕਿਲੋਮੀਟਰ ਦੇ ਘੇਰੇ 'ਚ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ, ਜਿਸ ਨਾਲ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀਆਂ ਹਰਕਤਾਂ ਦਾ ਪਤਾ ਲਗਾਉਣ ਅਤੇ ਸੁਰਾਗ ਵਿਕਸਿਤ ਕਰਨ ਵਿੱਚ ਮਦਦ ਮਿਲੀ। ਮੋਬਾਈਲ ਟਾਵਰਾਂ ਰਾਹੀਂ ਰਿਕਾਰਡ ਪ੍ਰਾਪਤ ਕੀਤੇ ਗਏ ਸਨ ਅਤੇ ਵਿਆਪਕ ਡਾਟਾ ਵਿਸ਼ਲੇਸ਼ਣ ਸਾਧਨਾਂ ਰਾਹੀਂ ਜਾਂਚ ਕੀਤੀ ਗਈ। ਵਿਦੇਸ਼ਾਂ 'ਚ ਰਹਿੰਦੇ ਵਿਅਕਤੀਆਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਸੀ।