ਮੋਹਾਲੀ ਪੁਲਸ ਅਤੇ ਬਦਮਾਸ਼ ਵਿਚਕਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਸ ਨੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਇੱਕ ਮੁਲਜ਼ਮ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਦਮਾਸ਼ ਕੋਲੋਂ ਹਥਿਆਰ ਬਰਾਮਦ ਹੋਏ ਹਨ। ਇਹ ਵੱਡੀ ਕਾਰਵਾਈ ਪਿੰਡ ਲੇਹਲੀ ਨੇੜੇ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀ ਵਜੋਂ ਹੋਈ ਹੈ, ਜੋ ਹਾਈਵੇ ਲੁਟੇਰਿਆਂ ਦੇ ਗਰੋਹ ਦਾ ਸਰਗਨਾ ਹੈ।
DGP ਪੰਜਾਬ ਨੇ ਦਿੱਤੀ ਜਾਣਕਾਰੀ
ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪਿੰਡ ਲੇਹਲੀ ਨੇੜੇ ਪੁਲਸ ਅਤੇ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਸਤਪ੍ਰੀਤ ਸਿੰਘ ਨੇ ਪੁਲਸ ਨੂੰ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਸਤਪ੍ਰੀਤ ਸਿੰਘ ਨੂੰ ਲੱਗੀ ਅਤੇ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਰਹੀ।
ਅੰਬਾਲਾ-ਡੇਰਾਬੱਸੀ ਹਾਈਵੇਅ 'ਤੇ ਸਰਗਰਮ ਸੀ ਗਰੋਹ
ਇਹ ਗਰੋਹ ਖਾਸ ਤੌਰ 'ਤੇ ਅੰਬਾਲਾ-ਡੇਰਾਬੱਸੀ ਹਾਈਵੇਅ 'ਤੇ ਸਰਗਰਮ ਸੀ ਅਤੇ ਇਸ ਨੇ ਪੰਜਾਬ ਅਤੇ ਹਰਿਆਣਾ 'ਚ ਕਈ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਸ ਗਰੋਹ ਨੇ 3 ਅਤੇ 10 ਨਵੰਬਰ ਦੀ ਰਾਤ ਨੂੰ ਹਾਈਵੇਅ 'ਤੇ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਘਟਨਾਵਾਂ 'ਚ ਬੰਦੂਕ ਦੀ ਨੋਕ 'ਤੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਇਸ ਗਰੋਹ ਦੀਆਂ ਗਤੀਵਿਧੀਆਂ ਕਾਫੀ ਸਮੇਂ ਤੋਂ ਪੁਲਸ ਦੇ ਰਡਾਰ 'ਤੇ ਸਨ।
ਇਹ ਸਾਮਾਨ ਹੋਇਆ ਬਰਾਮਦ
ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਸਤਪ੍ਰੀਤ ਸਿੰਘ ਕੋਲੋਂ ਇੱਕ .32 ਕੈਲੀਬਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਤਪ੍ਰੀਤ ਸਿੰਘ ਨੇ ਇਸ ਹਥਿਆਰ ਦੀ ਵਰਤੋਂ ਲੁੱਟਾਂ-ਖੋਹਾਂ ਕਰਨ ਲਈ ਕੀਤੀ ਸੀ।
ਪੁਲਸ ਕਰ ਰਹੀ ਜਾਂਚ
ਪੁਲਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ ਅਤੇ ਗਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਗਰੋਹ ਦੇ ਫੜੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ 'ਤੇ ਸਵਾਰੀਆਂ 'ਚ ਸੁਰੱਖਿਆ ਦਾ ਮਾਹੌਲ ਬਣੇਗਾ।