ਮੋਗਾ ਦੇ ਪਿੰਡ ਖੋਸਾਕੋਟਲਾ ਦੇ ਕਿਸਾਨ ਸੁਖਦੇਵ ਸਿੰਘ ਧਾਲੀਵਾਲ ਦੀ ਕਿਸਮਤ ਉਸ ਵੇਲੇ ਚਮਕੀ ਜਦੋਂ ਉਨ੍ਹਾਂ ਦੀ 1 ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਜਿਸ ਕਾਰਨ ਉਹ ਹੁਣ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਏ। ਖਾਸ ਗੱਲ ਇਹ ਹੈ ਕਿ ਉਸ ਨੇ ਲਾਟਰੀ ਦੀ ਟਿਕਟ ਸਿਰਫ 150 ਰੁਪਏ ਵਿੱਚ ਲਈ ਸੀ। 150 ਰੁਪਏ ਦੀ ਬਦੌਲਤ ਉਹ ਹੁਣ ਕਰੋੜਪਤੀ ਬਣ ਗਿਆ ਹੈ।
3 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ
ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 6 ਕਿੱਲਿਆਂ ਵਿੱਚ ਖੇਤੀ ਕਰਦਾ ਹੈ ਅਤੇ ਮੈਡੀਕਲ ਸਟੋਰ ਵੀ ਚਲਾਉਂਦਾ ਹੈ। ਉਹ ਪਿਛਲੇ 3 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਹੁਣ ਉਸ ਦੀ ਕਿਸਮਤ ਚਮਕੀ ਹੈ ਅਤੇ ਉਸ ਨੇ ਕਰੋੜਾਂ ਰੁਪਏ ਦੀ ਲਾਟਰੀ ਜਿੱਤ ਲਈ ਹੈ।
150 ਰੁਪਏ ਦੀ ਲਾਟਰੀ ਖਰੀਦੀ
ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਉਹ ਅੱਜ ਬਹੁਤ ਖੁਸ਼ ਹਨ। ਉਸ ਨੇ 150 ਰੁਪਏ ਵਿੱਚ ਨਾਗਾਲੈਂਡ ਸਟੇਟ ਦੀ ਲਾਟਰੀ ਲਈ ਸੀ। ਜਿਸ ਵਿੱਚ ਉਸਦੀ ਲਾਟਰੀ ਲੱਗੀ ਹੈ। ਲਾਟਰੀ ਵਿੱਚ ਜਿੱਤੇ ਪੈਸੇ ਨਾਲ ਉਹ ਆਪਣੇ ਪਰਿਵਾਰ ਲਈ ਘਰ ਬਣਾਏਗਾ ਅਤੇ ਆਪਣੇ ਦੋ ਪੁੱਤਰਾਂ ਨੂੰ ਪੜ੍ਹਾਈ ਲਈ ਬਾਹਰ ਵਿਦੇਸ਼ ਭੇਜੇਗਾ। ਜਦੋਂ ਮੈਨੂੰ ਲਾਟਰੀ ਵੇਚਣ ਵਾਲੇ ਦਾ ਫ਼ੋਨ ਆਇਆ ਕਿ ਤੁਸੀਂ 1 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ, ਮੈਨੂੰ ਯਕੀਨ ਨਹੀਂ ਹੋਇਆ। ਜਦੋਂ ਮੈਂ ਔਨਲਾਈਨ ਚੈੱਕ ਕੀਤਾ, ਮੈਂ ਬਹੁਤ ਖੁਸ਼ ਸੀ।
ਪਿੰਡ ਵਾਲੇ ਵੀ ਖੁਸ਼
ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਸੁਖਦੇਵ ਸਿੰਘ ਲਾਟਰੀ ਜਿੱਤ ਗਿਆ ਹੈ ਤਾਂ ਸਾਰਾ ਪਿੰਡ ਹੈਰਾਨ ਅਤੇ ਖੁਸ਼ ਹੋ ਗਿਆ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਘਰ ਵਿੱਚੋਂ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਕਿਸੇ ਦੀ ਕਿਸਮਤ ਕਿਸੇ ਵੇਲੇ ਵੀ ਖੁੱਲ੍ਹ ਸਕਦੀ ਹੈ।