ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਲੜਕੀ ਦੇ ਪਰਿਕਰਮਾ ਵਿਚ ਯੋਗ ਕਰਦਿਆਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਐਸ ਜੀ ਪੀ ਸੀ ਨੇ ਐਕਸ਼ਨ ਲਿਆ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੜਕੀ ਵੱਲੋਂ ਪਰਿਕਰਮਾ ਅੰਦਰ ਯੋਗਾ ਆਸਨ ਕਰਨ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਜਰੀਏ ਫੈਲਾਉਣ ਦਾ ਸਖਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਦੂਸਰੇ ਪਾਸੇ ਐਸਜੀਪੀਸੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਜਾ ਰਿਹਾ ਸੀ, ਦੂਸਰੇ ਪਾਸੇ ਇੱਕ ਲੜਕੀ ਵੱਲੋਂ ਸਵੇਰੇ 7 ਵਜੇ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਯੋਗਾ ਕਰਦੀ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀ।
ਉਹਨਾਂ ਕਿਹਾ ਕਿ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰੰਤੂ ਕੁਝ ਲੋਕ ਜਾਣ ਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਿਕ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਲੜਕੀ ਵੱਲੋਂ ਕੀਤੀ ਹਰਕਤ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਸ ਲਈ ਇਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ।
ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਕਰਕੇ ਦਰਬਾਰ ਸਾਹਿਬ ਵਿੱਚ ਪਹੁੰਚਦੀ ਬਾਕੀ ਸੰਗਤ ਨੂੰ ਵੀ ਠੇਸ ਪਹੁੰਚਦੀ ਹੈ ਕਿਉਂਕਿ ਫਿਰ ਮਜਬੂਰਨ ਐਸਜੀਪੀਸੀ ਵੱਲੋਂ ਕਈ ਤਰ੍ਹਾਂ ਦੇ ਪਾਬੰਦੀਆਂ ਦਰਬਾਰ ਸਾਹਿਬ ਦੇ ਅੰਦਰ ਲਗਾਉਣੀਆਂ ਪੈਂਦੀਆਂ ਹਨ, ਜਿਸ ਕਰਕੇ ਬਾਕੀ ਸੰਗਤ ਨੂੰ ਵੀ ਉਸ ਦਾ ਨੁਕਸਾਨ ਹੁੰਦਾ ਹੈ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਡਿਊਟੀ ਕਰ ਰਹੇ ਸੇਵਾਦਾਰ ਉਸ ਸਮੇਂ ਕਿੱਥੇ ਸਨ, ਇਸ ਦੇ ਲਈ ਵੀ ਐਸਜੀਪੀਸੀ ਵੱਲੋਂ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹ ਕਮੇਟੀ ਇਸ ਸਾਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਅਰਚਨਾ ਮਕਵਾਨਾ ਨੇ ਮੁਆਫ਼ੀ ਮੰਗੀ
ਕੌਮਾਂਤਰੀ ਯੋਗ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਦੀ ਤਸਵੀਰ ਸਾਂਝੀ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਮੁਆਫ਼ੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਪੋਸਟ ਵਿਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਟੈਗ ਕੀਤਾ ਹੈ।
ਅਰਚਨਾ ਮਕਵਾਨਾ ਨੇ ਇੰਸਟਾਗ੍ਰਾਮ ਉਤੇ ਲਿਖਿਆ, “ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੋਂ ਬਿਨਾਂ ਹਾਲ ਹੀ ਵਿਚ ਕੁੱਝ ਪੋਸਟ ਕੀਤਾ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿਚ ਯੋਗਾ ਕਰਨਾ ਕੁੱਝ ਲੋਕਾਂ ਨੂੰ ਠੇਸ ਪਹੁੰਚਾ ਸਕਦਾ ਹੈ ਕਿਉਂਕਿ ਮੈਂ ਸਿਰਫ ਇਥੇ ਨਤਮਸਤਕ ਹੋ ਰਹੀ ਸੀ ਅਤੇ ਇਸ ਦਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਦਿਲੋਂ ਮੁਆਫੀ ਮੰਗਦੀ ਹਾਂ ਅਤੇ ਭਵਿੱਖ ਵਿਚ ਇਸ ਦਾ ਧਿਆਨ ਰੱਖਾਂਗੀ। ਕਿਰਪਾ ਕਰਕੇ ਮੇਰੀ ਮੁਆਫੀ ਸਵੀਕਾਰ ਕਰੋ।