ਜਲੰਧਰ 'ਚ ਸੀ.ਆਈ.ਏ ਸਟਾਫ ਨੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ਼ 'ਚ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਨੂੰ 5 ਘੰਟੇ ਅੰਦਰ ਰੱਖਿਆ ਅਤੇ ਭਾਜਪਾ ਆਗੂਆਂ ਦੇ ਕਹਿਣ ’ਤੇ ਦੇਰ ਰਾਤ ਉਸ ਨੂੰ ਛੱਡ ਦਿੱਤਾ। ਪੁਲਸ ਨੇ ਕਿਸ਼ਨ ਲਾਲ ਸ਼ਰਮਾ ਖ਼ਿਲਾਫ਼ ਆਈਪੀਸੀ ਦੀ ਧਾਰਾ 186, 506 ਅਤੇ 353 ਤਹਿਤ ਕੇਸ ਦਰਜ ਕਰ ਲਿਆ ਹੈ।
ਨੌਜਵਾਨਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣੇ ਦੇ ਬਾਹਰ ਦਿੱਤਾ ਸੀ ਧਰਨਾ
ਦਰਅਸਲ, ਸੀਆਈਏ ਸਟਾਫ਼ ਨੇ ਕਿਸੇ ਮਾਮਲੇ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਚੁੱਕ ਕੇ ਥਾਣੇ ਲਿਆਂਦਾ ਸੀ। ਉਸ ਨੂੰ ਆਜ਼ਾਦ ਛੁਡਵਾਉਣ ਲਈ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੇ ਆਪਣੇ ਕੁਝ ਸਾਥੀਆਂ ਨਾਲ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੂੰ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਕਿਸ਼ਨ ਲਾਲ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਦੇ ਪ੍ਰਮੁੱਖ ਆਗੂ ਵੀ ਥਾਣੇ ਪੁੱਜੇ। ਰਾਤ ਸਾਢੇ 12 ਵਜੇ ਥਾਣਾ ਨੰਬਰ 1 ਦੀ ਪੁਲਸ ਨੇ ਕਿਸ਼ਨ ਲਾਲ ਸ਼ਰਮਾ ਨੂੰ ਰਿਹਾਅ ਕਰ ਦਿੱਤਾ।
ਪੁਲਸ ਨਾਲ ਦੁਰ-ਵਿਵਹਾਰ ਦੇ ਇਲਜ਼ਾਮ
ਇਲਜ਼ਾਮ ਹੈ ਕਿ ਮਾਮਲੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਕਿਸ਼ਨ ਲਾਲ ਸ਼ਰਮਾ ਨੇ ਪੁਲਸ ਨਾਲ ਬਦਸਲੂਕੀ ਵੀ ਕੀਤੀ, ਜਿਸ ਤੋਂ ਬਾਅਦ ਕਿਸ਼ਨ ਲਾਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮਾਮਲਾ ਸੰਤਰੀ ਤਰੁਣ ਜੀਤ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਕਿਸ਼ਨ ਲਾਲ ਦੇ ਨਾਲ-ਨਾਲ ਦੋ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਕਿਸ਼ਨ ਲਾਲ ਸ਼ਰਮਾ ਨੇ ਪਹਿਲਾਂ ਵਿਰੋਧ ਕੀਤਾ ਅਤੇ ਫਿਰ ਪੁਲਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।