ਬਟਾਲਾ 'ਚ ਪਿੰਡ ਭਰਥਵਾਲ ਦੇ ਸਰਪੰਚ ਦੀ ਲਾਸ਼ ਅੱਜ ਪੰਜਵੇਂ ਦਿਨ ਭੋਮਾ-ਵਡਾਲਾ ਨਹਿਰ ਵਿੱਚੋਂ ਬਰਾਮਦ ਹੋਈ। ਸਰਪੰਚ ਸਮੇਤ 2 ਵਿਅਕਤੀ ਨਹਿਰ 'ਚ ਡੁੱਬ ਗਏ ਸਨ। ਬਾਕੀ ਦੋ ਵਿਅਕਤੀਆਂ ਦੀਆਂ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਸਨ, ਜਦਕਿ ਸਰਪੰਚ ਦੀ ਲਾਸ਼ 5 ਦਿਨਾਂ ਬਾਅਦ ਮਿਲੀ।
ਬਚਾਉਣ ਗਏ 2 ਸਾਥੀਆਂ ਦੀ ਵੀ ਹੋ ਚੁੱਕੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਰ ਸ਼ਾਮ ਥਾਣਾ ਘਣੀਆ-ਕੇ-ਬਾਂਗਰ ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ 5 ਦਿਨ ਪਹਿਲਾਂ ਬਟਾਲਾ ਨੇੜਲੇ ਪਿੰਡ ਭਰਥਵਾਲ ਦਾ ਸਰਪੰਚ ਰਣਬੀਰ ਸਿੰਘ ਪੁੱਤਰ ਅਜੀਤ ਸਿੰਘ ਲਾਹੌਰ ਬ੍ਰਾਂਚ ਨਹਿਰ 'ਚ ਨਹਾ ਰਿਹਾ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿਚ ਉਹ ਰੁੜ ਗਿਆ। ਉਸ ਨੂੰ ਬਚਾਉਣ ਲਈ ਨਹਿਰ ਦੇ ਕੰਢੇ ਖੜ੍ਹੇ ਉਸ ਦੇ ਦੋ ਸਾਥੀ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਅਤੇ ਕਰਤਾਰ ਸਿੰਘ ਪੁੱਤਰ ਬਚਨ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਬਦਕਿਸਮਤੀ ਨਾਲ ਉਹ ਵੀ ਨਹਿਰ ਵਿੱਚ ਰੁੜ੍ਹ ਗਏ ਸਨ।
ਭੋਮਾ-ਵਡਾਲਾ ਨਹਿਰ ਵਿੱਚੋਂ ਸਰਪੰਚ ਦੀ ਲਾਸ਼ ਬਰਾਮਦ
ਐਸਐਚਓ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਮੱਖਣ ਸਿੰਘ ਅਤੇ ਕਰਤਾਰ ਸਿੰਘ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਪਰ ਉਕਤ ਸਰਪੰਚ ਰਣਬੀਰ ਸਿੰਘ ਦੀ ਲਾਸ਼ ਨਹੀਂ ਮਿਲ ਸਕੀ ਸੀ। ਲਾਸ਼ ਨੂੰ ਬਰਾਮਦ ਕਰਨ ਲਈ ਪੁਲਸ ਨੇ ਨਹਿਰ ਦਾ ਪਾਣੀ ਬੰਦ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਸਰਪੰਚ ਦੀ ਲਾਸ਼ ਲੱਭਣ ਲਈ ਦਿਨ-ਰਾਤ ਤਲਾਸ਼ੀ ਮੁਹਿੰਮ ਜਾਰੀ ਰੱਖੀ। ਪੁਲਸ ਨੇ ਐਸਡੀਆਰਐਫ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਮਜੀਠਾ ਜ਼ਿਲ੍ਹੇ ਦੀ ਭੋਮਾ-ਵਡਾਲਾ ਨਹਿਰ ਵਿੱਚੋਂ ਸਰਪੰਚ ਰਣਬੀਰ ਸਿੰਘ ਭਰਥਵਾਲ ਦੀ ਲਾਸ਼ ਬਰਾਮਦ ਕੀਤੀ ਹੈ।