ਪੰਜਾਬ ਵਿੱਚ ਅੱਜ ਵੀ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਫਿਰ 7 ਜਨਵਰੀ ਤੋਂ ਬਾਅਦ ਬੱਦਲ ਛਾਏ ਰਹਿਣਗੇ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ 'ਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਧੁੰਦ ਨਾਲ ਹੋਈ, ਜੋ 6 ਜਨਵਰੀ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੋਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਬਾਅਦ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ।
ਧੁੰਦ ਕਾਰਨ ਕਈ ਟਰੇਨਾਂ ਹੋਈਆਂ ਪ੍ਰਭਾਵਿਤ
ਧੁੰਦ ਦਾ ਅਸਰ ਰੇਲ ਆਵਾਜਾਈ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਨਵੀਂ ਦਿੱਲੀ ਤੋਂ ਚੰਡੀਗੜ੍ਹ ਸ਼ਤਾਬਦੀ, ਵੰਦੇ ਭਾਰਤ ਟਰੇਨ ਨਿਰਧਾਰਤ ਸਮੇਂ ਤੋਂ 30 ਮਿੰਟ ਦੇਰੀ ਨਾਲ ਪਹੁੰਚੀ। ਇਸ ਤੋਂ ਇਲਾਵਾ ਪੰਜਾਬ ਵਿੱਚ 25 ਤੋਂ ਵੱਧ ਟਰੇਨਾਂ ਦੇਰੀ ਨਾਲ ਪੁੱਜੀਆਂ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰੇਲ ਗੱਡੀਆਂ 4 ਤੋਂ 5 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਕੜਾਕੇ ਦੀ ਠੰਡ ਵਿੱਚ ਟਰੇਨ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿੱਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ਕ ਮੌਸਮ ਕਾਰਨ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ, ਜਦੋਂ ਕਿ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਜਾਰੀ ਹੈ।