ਆਸਟ੍ਰੇਲੀਆ ਵਿੱਚ ਸਿੱਖ ਟੈਕਸੀ ਡਰਾਈਵਰ ਨੇ ਅੱਠ ਹਜ਼ਾਰ ਡਾਲਰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਮੈਲਬਰਨ ਵਿਚ ਰਹਿਣ ਵਾਲੇ ਚਰਨਜੀਤ ਸਿੰਘ 30 ਸਾਲਾਂ ਤੋਂ ਟੈਕਸੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਹੀ ਉਹ ਕੰਮ ਉਤੇ ਗਏ ਸਨ ਤੇ ਟੈਕਸੀ ਚਲਾ ਰਹੇ ਸਨ।ਅਚਾਨਕ ਉਨ੍ਹਾਂ ਨੇ ਦੇਖਿਆ ਕਿ ਟੈਕਸੀ ਦੀ ਪਿਛਲੀ ਸੀਟ ਉਤੇ ਇੱਕ ਬੈਗ ਕਿਸੇ ਸਵਾਰੀ ਦਾ ਰਹਿ ਗਿਆ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ
ਬੈਗ ਦੀ ਜਾਂਚ ਕੀਤੀ ਤਾਂ ਉਸ ਵਿਚੋਂ 8000 ਆਸਟ੍ਰੇਲੀਅਨ ਡਾਲਰ, ਭਾਰਤੀ ਕਰੰਸੀ ਅਨੁਸਾਰ ਕਰੀਬ ਚਾਰ ਲੱਖ ਰੁਪਏ ਸਨ। ਉਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਡਾਲਰਾਂ ਵਾਲਾ ਬੈਗ ਵੀ ਪੁਲਸ ਹਵਾਲੇ ਕਰ ਦਿੱਤਾ। ਸਰਦਾਰ ਜੀ ਦੀ ਇਸ ਇਮਾਨਦਾਰੀ ਦੀ ਸੋਸ਼ਲ ਮੀਡੀਆ ਅਤੇ ਪੁਲਸ ਵਿਭਾਗ ਵਿਚ ਖੂਬ ਤਾਰੀਫ ਕੀਤੀ ਜਾ ਰਹੀ ਹੈ।
ਮਾਲਕ ਨੂੰ ਬੈਗ ਸੌਂਪਿਆ
ਮੀਡੀਆ ਦੀ ਰਿਪੋਰਟ ਮੁਤਾਬਕ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਕਸਰ ਸਵਾਰੀਆਂ ਦਾ ਕੋਈ ਨਾ ਕੋਈ ਸਾਮਾਨ ਗਲਤੀ ਨਾਲ ਟੈਕਸੀ ਵਿਚ ਰਹਿ ਜਾਂਦਾ ਹੈ ਤੇ ਇਸੇ ਤਰ੍ਹਾਂ ਉਨਾਂ ਨੂੰ ਡਾਲਰਾਂ ਵਾਲਾ ਬੈਗ ਮਿਲਿਆ ਤੇ ਉਹ ਪੁਲਸ ਹਵਾਲੇ ਕਰ ਦਿੱਤਾ।
ਪੁਲਸ ਨੇ ਕਾਰਵਾਈ ਕਰਦਿਆਂ ਮਾਲਕ ਨੂੰ ਲੱਭ ਲਿਆ ਤੇ ਡਾਲਰਾਂ ਵਾਲਾ ਬੈਗ ਉਸ ਨੂੰ ਸੌਂਪ ਦਿੱਤਾ। ਬੈਗ ਦੇ ਮਾਲਕ ਨੇ ਡਰਾਈਵਰ ਦੀ ਈਮਾਨਦਾਰੀ ਤੋਂ ਖੁਸ਼ ਹੋ ਕੇ ਉਸ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਕੰਮ ਦੇ ਲਈ ਇਨਾਮ ਲੈਣ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਮੇਰਾ ਫਰਜ਼ ਸੀ।