ਖਬਰਿਸਤਾਨ ਨੈੱਟਵਰਕ- ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ ਗੰਗਵਾ ਦੀ ਪਾਇਲਟ ਕਾਰ ਇਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਐਸ.ਆਈ. ਸਮੇਤ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। 2 ਨੂੰ ਹਾਂਸੀ ਤੋਂ ਹਿਸਾਰ ਰੈਫਰ ਕੀਤਾ ਗਿਆ ਹੈ ਤੇ ਇਕ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਰਾਤ 2 ਵਜੇ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ ਰਾਤ ਲਗਭਗ 2 ਵਜੇ ਹਿਸਾਰ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਗੜ੍ਹੀ ਨਜ਼ਦੀਕ ਵਾਪਰਿਆ। ਮੰਤਰੀ ਰਣਬੀਰ ਗੰਗਵਾ ਵੀਰਵਾਰ ਨੂੰ ਰੇਵਾੜੀ ਪਹੁੰਚੇ ਸਨ। ਉਨ੍ਹਾਂ ਨੇ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਪ੍ਰਜਾਪਤੀ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਸੀ।
ਗੜ੍ਹੀ ਬੱਸ ਸਟੈਂਡ ਨੇੜੇ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ, ਜਿਸ ਤੋਂ ਬਾਅਦ ਦੇਰ ਰਾਤ ਮੰਤਰੀ ਰਾਸ਼ਟਰੀ ਰਾਜਮਾਰਗ 1524 ਰਾਹੀਂ ਹਿਸਾਰ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ, ਹਾਂਸੀ ਜ਼ਿਲ੍ਹਾ ਪੁਲਿਸ ਦੀ ਪੀ.ਸੀ.ਆਰ. ਗੱਡੀ ਨੇ ਪਿੰਡ ਗੜ੍ਹੀ ਤੋਂ ਮੰਤਰੀ ਦੇ ਕਾਫ਼ਲੇ ਨੂੰ ਹਾਂਸੀ ਦੇ ਰਾਮਾਇਣ ਟੋਲ ਪਲਾਜ਼ਾ ਤੱਕ ਐਸਕਾਰਟ ਕੀਤਾ। ਇਹ ਗੱਡੀ ਰਾਮਾਇਣ ਟੋਲ ਪਲਾਜ਼ਾ ’ਤੇ ਮੰਤਰੀ ਦੇ ਕਾਫਲੇ ਨੂੰ ਛੱਡਣ ਤੋਂ ਬਾਅਦ ਰੋਹਤਕ ਵੱਲ ਜਾ ਰਹੀ ਸੀ। ਜਿਵੇਂ ਹੀ ਗੱਡੀ ਗੜ੍ਹੀ ਬੱਸ ਸਟੈਂਡ ਨੇੜੇ ਪਹੁੰਚੀ, ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕਰ ’ਤੇ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਾਇਲਟ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਟਰੱਕ ਨਾਲ ਟਕਰਾ ਗਈ।
ਡਰਾਈਵਰ ਫਰਾਰ
ਸਬ ਇੰਸਪੈਕਟਰ ਰਾਜਕੁਮਾਰ ਅਤੇ ਕਾਂਸਟੇਬਲ ਵਿਜੇ ਨੂੰ ਪਹਿਲਾਂ ਹਾਂਸੀ ਸਿਵਲ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ। ਤੀਜੇ ਜ਼ਖਮੀ ਐਸ.ਪੀ.ਓ. ਧਰਮਪਾਲ ਨੂੰ ਉਸਦਾ ਪਰਿਵਾਰ ਇਕ ਨਿੱਜੀ ਹਸਪਤਾਲ ਲੈ ਗਿਆ। ਧਰਮਪਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਹਾਂਸੀ ਦੀ ਸੋਰਕੀ ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੈ।