ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਰਾਮਗੜ੍ਹ ਸੀਟ ਤੋਂ ਕਾਂਗਰਸ ਵਿਧਾਇਕ ਜ਼ੁਬੈਰ ਖਾਨ ਦਾ 61 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਜ਼ੁਬੈਰ ਖਾਨ ਇਕ ਸਾਲ ਪਹਿਲਾਂ ਹੋਏ ਲਿਵਰ ਟਰਾਂਸਪਲਾਂਟ ਤੋਂ ਬਾਅਦ ਕਾਫੀ ਬੀਮਾਰ ਸਨ, ਜਿਸ ਤੋਂ ਬਾਅਦ ਅੱਜ ਸਵੇਰੇ 5:50 ਵਜੇ ਅਲਵਰ 'ਚ ਉਨ੍ਹਾਂ ਦੀ ਦਿਹਾਂਤ ਹੋ ਗਿਆ।
ਪਤਨੀ ਸਫੀਆ ਜ਼ੁਬੈਰ ਨੇ ਜਾਣਕਾਰੀ ਦਿੱਤੀ
ਜ਼ੁਬੈਰ ਖਾਨ ਅਲਵਰ ਜ਼ਿਲ੍ਹੇ ਦੀ ਰਾਮਗੜ੍ਹ ਸੀਟ ਤੋਂ ਕਾਂਗਰਸ ਦੇ ਵਿਧਾਇਕ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਸਫੀਆ ਜ਼ੁਬੈਰ ਨੇ ਦਿੱਤੀ। ਸਫ਼ੀਆ ਜ਼ੁਬੈਰ ਸਿਆਸਤ ਵਿੱਚ ਵੀ ਸਰਗਰਮ ਰਹੀ ਹੈ। ਜ਼ੁਬੈਰ ਖਾਨ ਦੇ ਦਿਹਾਂਤ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਉਹ ਇੱਕ ਤਜਰਬੇਕਾਰ ਅਤੇ ਸਮਰਪਿਤ ਨੇਤਾ ਸਨ, ਜਿਨ੍ਹਾਂ ਨੇ ਅਲਵਰ ਜ਼ਿਲ੍ਹੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਭੂਮਿਕਾ ਨਿਭਾਈ।
ਡੇਢ ਮਹੀਨੇ ਵਿੱਚ ਦੋ ਵਿਧਾਇਕਾਂ ਦੀ ਜਾਨ ਗਈ
ਰਾਜਸਥਾਨ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਦੋ ਵਿਧਾਇਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਸਲੰਬਰ ਤੋਂ ਭਾਜਪਾ ਵਿਧਾਇਕ ਅੰਮ੍ਰਿਤਲਾਲ ਮੀਨਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਰਾਮਗੜ੍ਹ ਦੇ ਵਿਧਾਇਕ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ ਹੁਣ 7 ਹੋ ਗਈ ਹੈ। ਇਨ੍ਹਾਂ ਵਿੱਚੋਂ 5 ਸੀਟਾਂ ਲੋਕ ਸਭਾ ਚੋਣਾਂ ਵਿੱਚ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋ ਗਈਆਂ ਸਨ।