ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ (ਚੰਡੀਗੜ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡਾ. ਜਤਿੰਦਰ ਕੁਮਾਰ ਕਾਂਸਲ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਵੱਲੋਂ ਮੰਗਲਵਾਰ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦੀ ਉਸਾਰੀ ਸੰਬੰਧੀ ਸਿਵਲ ਸਰਜਨ ਦਫ਼ਤਰ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਵਿਪਨ ਪੂਰੀ ਸੁਪਰਡੈਂਟ ਅਮਲਾ ਸ਼ਾਖਾ, ਸੰਜੇ ਸੁਪਰਡੈਂਟ ਅਤੇ ਗੁਰਜੋਤ ਸਿੰਘ ਮੈਨੇਜਰ ਸਿਵਲ ਸ਼ਾਮਲ ਸਨ।
ਸਿਵਲ ਸਰਜਨ ਦਫ਼ਤਰ ਤੇ ਸਿਵਲ ਹਸਪਤਾਲ ਦਾ ਕੀਤਾ ਦੌਰਾ
ਡਿਪਟੀ ਡਾਇਰੈਕਟਰ ਡਾ. ਜਤਿੰਦਰ ਕੁਮਾਰ ਕਾਂਸਲ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਦਾ ਦੌਰਾ ਕੀਤਾ ਗਿਆ ਉਨ੍ਹਾ ਨਾਲ ਇਸ ਮੌਕੇ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੀ ਮੌਜੂਦ ਸਨ। ਇਸ ਉਪਰੰਤ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਪਰਿਸਰ ਵਿਖੇ ਵੱਖ-ਵੱਖ ਥਾਵਾਂ ਦਾ ਮੁਆਇਨਾ ਕੀਤਾ ਗਿਆ, ਉਨ੍ਹਾਂ ਵੱਲੋਂ ਵਿਰਧ ਆਸ਼ਰਮ, ਸਖੀ ਵਨ ਸਟਾਪ ਸੈਂਟਰ ਦੇ ਨੇੜੇ ਲੱਗਦੀ ਥਾਂ ਅਤੇ ਪੀ.ਪੀ.ਯੂਨਿਟ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ।
ਉਸਾਰੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ
ਇਸ ਦੌਰਾਨ ਡਾ. ਜਤਿੰਦਰ ਕੁਮਾਰ ਕਾਂਸਲ ਵੱਲੋਂ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਦਫ਼ਤਰ ਵਿਖੇ ਐਕਸ.ਈ.ਐਨ. ਪੀ.ਡਬਲਯੂ.ਡੀ. ਗੁਰਮੀਤ ਸਿੰਘ, ਐਸ.ਡੀ.ਓ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਰਵਿੰਦਰ ਸਿੰਘ ਸੈਣੀ, ਐਸ.ਡੀ.ਓ. ਪੀ.ਡਲਯੂ.ਡੀ. ਨਵਤੇਜ ਸਿੰਘ ਅਤੇ ਅਸਿਸਟੈਂਟ ਇੰਜਿਨੀਅਰ ਜਗਤਵੀਰ ਸਿੰਘ ਨਾਲ ਮੀਟਿੰਗ ਕਰਕੇ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਡਾਇਰੈਕਟਰ ਡਾ. ਜਤਿੰਦਰ ਕੁਮਾਰ ਕਾਂਸਲ ਵੱਲੋਂ ਪੀ.ਐਚ.ਐਸ.ਸੀ. ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ, ਸਿਵਲ ਹਸਪਤਾਲ ਦੇ ਐਸ.ਐਮ.ਓਜ਼, ਸਿਵਲ ਸਰਜਨ ਦਫ਼ਤਰ ਦੇ ਸਟਾਫ ਦੇ ਪ੍ਰਤੀਨਿਧੀਆਂ ਅਤੇ ਮੁਲਾਜ਼ਮ ਯੂਨਿਅਨ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ। ਜਿਸ ਵਿੱਚ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਸੀ.ਸੀ.ਯੂ. ਦੀ ਉਸਾਰੀ ਅਤੇ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਦੀ ਸ਼ਿਫਟਿੰਗ ਨੂੰ ਲੈ ਕੇ ਆਪਣਾ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਮੁਲਾਜ਼ਮਾਂ ਦੇ ਪੱਖ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਮਸਲੇ ਨੂੰ ਜਲਦ ਸੁਲਝਾਇਆ ਜਾਵੇਗਾ।