ਨਾਈਜੀਰੀਆ ਵਿਚ ਵਾਪਰੇ ਇਕ ਭਿਆਨਕ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜਿਗਾਵਾ 'ਚ ਪੈਟਰੋਲ ਟੈਂਕਰ ਦੇ ਧਮਾਕੇ ਕਾਰਨ 90 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਖਦੀਜਾ ਯੂਨੀਵਰਸਿਟੀ ਦੇ ਕੋਲ ਟੈਂਕਰ ਚਾਲਕ ਨੇ ਕੰਟਰੋਲ ਗੁਆ ਦਿੱਤਾ ਅਤੇ ਟੈਂਕਰ ਵਿੱਚ ਧਮਾਕਾ ਹੋ ਗਿਆ। ਇਹ ਘਟਨਾ ਮਾਜੀਆ ਕਸਬੇ ਦੀ ਹੈ।
ਜਿਗਾਵਾ ਪੁਲਸ ਦੇ ਬੁਲਾਰੇ ਸ਼ੀਇਸੂ ਐਡਮ ਨੇ ਬੁੱਧਵਾਰ ਨੂੰ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਾਦਸੇ 'ਚ 94 ਲੋਕਾਂ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਰਿਂਗੀਮ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਰਾਤ ਕਰੀਬ 11:30 ਵਜੇ ਮਾਜੀਆ ਕਸਬੇ ਵਿੱਚ ਵਾਪਰਿਆ।
ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕ, ਫਿਰ ਹੋਇਆ ਧਮਾਕਾ
ਟੈਂਕਰ ਕਾਨੋ ਤੋਂ ਨਗੂਰੂ, ਯੋਬੇ ਜਾ ਰਿਹਾ ਸੀ। ਬਦਕਿਸਮਤੀ ਨਾਲ, ਟੈਂਕਰ ਪਲਟਦੇ ਹੀ ਫਟ ਗਿਆ। ਐਡਮ ਨੇ ਇਹ ਵੀ ਕਿਹਾ ਕਿ ਪੁਲਸ ਵੱਲੋਂ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਲੋਕ ਅਜਿਹੀਆਂ ਘਟਨਾਵਾਂ ਤੋਂ ਬਾਅਦ ਦੁਰਘਟਨਾ ਵਾਲੇ ਸਥਾਨਾਂ 'ਤੇ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਭਾਰੀ ਜਾਨੀ ਨੁਕਸਾਨ ਹੁੰਦਾ ਹੈ।
ਸਮੂਹਿਕ ਸੰਸਕਾਰ ਕੀਤਾ ਜਾਵੇਗਾ
ਇਸ ਧਮਾਕੇ ਨਾਲ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮ੍ਰਿਤਕਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਜਾਵੇਗਾ।